ਮਾਨਸਾ17 ਜੂਨ, ਬੋਲੇ ਪੰਜਾਬ ਬਿਓਰੋ: ਲੋਕ-ਰਾਜ’ ਪੰਜਾਬ, ਕਿਰਤੀ ਕਿਸਾਨ ਫ਼ੋਰਮ ਅਤੇ ‘ਸਭਿਆਚਾਰ ਤੇ ਵਿਰਸਾ ਸੰਭਾਲ ਮੰਚ’ ਵੱਲੋਂ, ਪੰਜਾਬ ਦੇ ਲੋਕਾਂ ਅਤੇ ਸਾਰੀਆਂ ਪੰਜਾਬ-ਹਿਤੈਸ਼ੀ ਧਿਰਾਂ ਨੂੰ, ਤਬਾਹੀ ਦੇ ਕਗ਼ਾਰ ਤੇ ਪਹੁੰਚ ਚੁੱਕੇ “ਚੜ੍ਹਦੇ ਪੰਜਾਬ” ਦੀ ਹੋਂਦ ਨੂੰ ਬਚਾਉਣ ਦੀ ਅਪੀਲ ਕਰਦਿਆਂ ਸਵਰਨ ਸਿੰਘ ਬੋਪਾਰਾਏ ਆਈ.ਏ.ਐੱਸ. ਪਦਮਸ਼੍ਰੀ ਕੀਰਤੀ-ਚੱਕਰ, ਸਾਬਕਾ ਯੂਨੀਅਨ ਸੈਕਟਰੀ, ਉਪ ਕੁਲਪਤੀ ਪੰਜਾਬੀ ਯੂਨੀਵਰਸਟੀ, ਚੇਅਰਮੈਨ ਕਿਰਤੀ-ਕਿਸਾਨ ਫ਼ੋਰਮ, ਡਾ ਮਨਜੀਤ ਸਿੰਘ ਰੰਧਾਵਾ ਸਾਬਕਾ ਸਿਵਲ ਸਰਜਨ ਪ੍ਰਧਾਨ ‘ਲੋਕ-ਰਾਜ’ ਪੰਜਾਬ, ‘ਇੰਨਜੀਨੀਅਰ ਇਨ ਚੀਫ਼’ ਹਰਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਪੰਜਾਬ ਰਾਜ ਬਿਜਲੀ ਬੋਰਡ(PSPCL) ਅਤੇ ਐਡਵੋਕੇਟ ਗੁਰਸਿਮਰਤ ਸਿੰਘ ਰੰਧਾਵਾ ਪ੍ਰਧਾਨ ‘ਸਭਿਆਚਾਰ ਤੇ ਵਿਰਸਾ ਸੰਭਾਲ ਮੰਚ’, ਜਰਨਲ ਸਕੱਤਰ ‘ਉੱਤਮ-ਖੇਤੀ’ ਕਿਰਸਾਨ ਯੂਨੀਅਨ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ, “ਨਸਲਾਂ-ਫ਼ਸਲਾਂ-ਪੰਜਾਬ ਬਚਾਉਣ ਲਈ ਸਿਆਸੀ ਪਾਟੋਧਾੜ ਤੋਂ ਪਿੰਡ ਬਚਾਉਂਗੇ ਤਾਂ ਪੰਜਾਬ ਬਚੇਗਾ।”
ਉਨਾਂ ਕਿਹਾ ਕਿ ਅਜੋਕੇ ਗੰਭੀਰ ਹਾਲਾਤ ਵਿੱਚ, ਧਾਰਮਿਕ, ਸਮਾਜਿਕ, ਸਿਆਸੀ ਵਖਰੇਵੇਂ ਅਤੇ ਨਿਜੀ ਹਿਤਾਂ ਤੋਂ ਉਪਰ ਉੱਠ ਕੇ ਇੱਕ ਫ਼ੈਸਲਾਕੁਨ ਹੰਭਲੇ ਤੋਂ ਬਿਨਾ, ਨਸਲਾਂ-ਫਸਲਾਂ ਤੇ ਪੰਜਾਬ ਦੇ ਭਵਿੱਖ ਨੂੰ ਬਚਾ ਸਕਣਾ ਬਿਲਕੁਲ ਸੰਭਵ ਨਹੀਂ ਹੈ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਕਿਸੇ ਵੀ ਸਭਿਅਤਾ ਦੀ ਹੋਂਦ ਬਰਕਰਾਰ ਰੱਖਣ ਲਈ, “ਧਰਤੀ, ਪਾਣੀ, ਬੋਲੀ, ਸਭਿਆਚਾਰ ਅਤੇ ਵਿਰਸਾ” ਮੁਢਲੀਆ ਪੰਜ ਲੋੜਾਂ ਦੀ ਸੰਭਾਲ ਲਾਜ਼ਮੀ ਹੁੰਦੀ ਹੈ। ਪਰ ਚੜ੍ਹਦੇ ਭਾਰਤੀ ਪੰਜਾਬ ਦੀ ਹੋਂਦ ਦੀਆਂ ਮੁਢਲੀਆਂ ਪੰਜੇ ਲੋੜਾਂ ਹੀ ਗੰਭੀਰ ਖਤਰੇ ਵਿੱਚ ਹਨ, ਜਿੰਨ੍ਹਾਂ ਨੂੰ ਹਰ ਹਾਲ ਵਿੱਚ ਬਚਾਉਣ ਦਾ ਸਰਵਪੱਖੀ ਉਪਰਾਲਾ ਸਮੇਂ ਦੀ ਮੰਗ ਹੈ।
ਉਨ੍ਹਾਂ ਕਿਹਾ ਕਿ ਧਰਤੀ; ਕੇਂਦਰ ਦੀਆਂ ਪੰਜਾਬ ਅਤੇ ਕਿਸਾਨ ਮਾਰੂ ਨੀਤੀਆਂ ਕਾਰਨ ਪੰਜਾਬ ਦੀ ਧਰਤੀ ਰਸਾਇਣਿਕ ਖੇਤੀ ਕਰਕੇ ਜ਼ਹਿਰੀਲੀ ਹੋ ਕੇ, ਬੰਜਰ ਹੋਣ ਕਿਨਾਰੇ ਹੈ। ਇਹ ਮਾਰੂ ਖੇਤੀ-ਨੀਤੀ, ਘਾਟੇਵੰਦ ਹੋ ਚੁੱਕੀ, “ਬੇਹਾਲ ਕਿਰਸਾਨੀ” ਦੀ ਆਰਥਿਕ ਮੰਦਹਾਲੀ ਹੀ ਨਿਤ ਹੋ ਰਹੀਆਂ ਆਤਮ-ਹਤਿਆਵਾਂ ਦਾ ਕਾਰਨ ਹੈ। ਜ਼ੋ ਕਿ ਨਤੀਜੇ ਵਜੋਂ ਜ਼ਮੀਨਾਂ ਵੇਚ ਕੇ ਰੁਜ਼ਗਾਰ ਅਤੇ ਜੀਵਨ ਬਸਰ ਲਈ, ਪੰਜਾਬ ‘ਚੋਂ ਵਿਦੇਸ਼ਾਂ ਵੱਲ “ਪ੍ਰਵਾਸ ਰਾਹੀਂ ਉਜਾੜੇ” ਦਾ ਮੁੱਢ ਬੱਝ ਚੁੱਕਾ ਹੈ।
ਪਾਣੀ ਬਾਰੇ ਉਨ੍ਹਾਂ ਕਿਹਾ ਕਿ, ਰਾਈਪੇਰੀਅਨ ਪੰਜਾਬ ਦੇ ਡੈਮਾਂ ਅਤੇ ਦਰਿਆਈ ਪਾਣੀਆਂ ਦੀ ਅੰਨ੍ਹੀ ਲੁੱਟ ਰਾਹੀਂ, ਧਰਤੀ ਹੇਠਲੇ “ਬਹੁਮੁੱਲੇ ਪੀਣਯੋਗ ਪਾਣੀ ਦੀ ਖੇਤੀ ਲਈ ਮਜ਼ਬੂਰਨ ਵਰਤੋਂ ਨਾਲ” ਆਉਣ ਵਾਲੇ ਸਮੇ ਵਿਚ ਪੀਣਯੋਗ ਪਾਣੀ ਦੀ ਅਣਹੋਂਦ, “ਸਮੂਹਿਕ ਉਜਾੜੇ” ਦਾ ਕਾਰਨ ਬਣੇਗੀ।
ਬੋਲੀ ਬਾਰੇ ਉਨ੍ਹਾਂ ਕਿਹਾ ਕਿ, ਮਾਂ-ਬੋਲੀ ਪੰਜਾਬੀ ਨਾਲ ਵਿਤਕਰਾ ਅਤੇ “ਮੁਕੰਮਲ ਅਣਦੇਖੀ” ਕੀਤੀ ਜਾ ਰਹੀ ਹੈ। ਪੜ੍ਹਾਈ ਸੰਸਥਾਵਾਂ ਅਤੇ ਪ੍ਰਬੰਧਕੀ ਅਦਾਰਿਆ ਵਿੱਚ ਪੰਜਾਬੀ ਨੂੰ ਦਰਕਿਨਾਰ ਕਰਕੇ ਆਉਣ ਵਾਲਿਆਂ ਪੀੜ੍ਹੀਆਂ ਨੂੰ ਆਪਣੀ ਸਭਿਅਤਾ ਦੇ ਅਸਲ ਸਰੋਤਾਂ ਤੋਂ ਅਣਜਾਣ ਰੱਖਕੇ ਅਮੀਰ “ਵਿਰਸੇ ਤੋਂ ਪੱਕੇ ਤੌਰ ਤੇ ਤੋੜ ਦੇਣ ਦੀ ਡੂੰਘੀ ਸਾਜ਼ਿਸ਼” ਹੈ।
ਸਭਿਆਚਾਰ ਬਾਰੇ ਉਹਨਾਂ ਕਿਹਾ, ਕਿ “ਮਾਰੂ ਨਸ਼ਿਆਂ ਦਾ ਦਰਿਆ” ਵਗਾ ਕੇ, ਪੰਜਾਬੀ ਜਵਾਨੀ ਨੂੰ ਗੁਰਬਾਣੀ ਅਭਿਆਸ ਤੋਂ ਦੂਰ ਕਰ ਕੇ ਗੁਰੂ ਪੀਰਾਂ ਵੱਲੋਂ ਬਖ਼ਸ਼ੇ ਇਖ਼ਲਾਕ ਤੋਂ ਡੇਗਣ ਅਤੇ ਆਪਣੇ ਪ੍ਰੇਰਨਾ ਸਰੋਤ “ਗੌਰਵਮਈ ਸਭਿਆਚਾਰ ਨੂੰ ਤਬਾਹ” ਕਰਨ ਦੀ ਨਿੱਤ ਨਵੀਂ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਨੂੰ ਬਚਾਉਣਾ ਅਤਿ ਜ਼ਰੂਰੀ ਹੈ।
ਵਿਰਸੇ ਬਾਰੇ ਉਨ੍ਹਾਂ ਕਿਹਾ ਕਿ, ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰੇਰਨਾ ਸਰੋਤ, ਪੰਜਾਬੀ ਸਭਿਅਤਾ ਦੇ ਸੁਨਿਹਰੀ ਵਿਰਸੇ ਦੀਆਂ “ਇਤਿਹਾਸਕ ਨਿਸ਼ਾਨੀਆ ਨੂੰ, ਢਾਹਿਆ ਜਾਂ ਢਹਿਣ ਦਿੱਤਾ ਜਾ ਰਿਹਾ ਹੈ”। ਜਿਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਬਚਾਉਣਾ ਅਤੇ ਸੰਭਾਲਣਾ ਬੇਹੱਦ ਜ਼ਰੂਰੀ ਹੈ।
ਨਿਘਰਦੀ ਹਾਲਤ ਸੁਧਾਰਨ ਦੀ ਜੁਗਤ ਕੀ ਹੈ: “ਸਿਆਸੀ ਧੜੇਬੰਦੀ ਨਕਾਰ ਕੇ, ਪਿੰਡ ਦਾ ਏਕਾ ਹੀ ਪਿੰਡਾਂ ਅਤੇ ਪੰਜਾਬ ਨੂੰ ਬਚਾ ਸਕਦਾ ਹੈ”। ਪਹਿਲਾਂ ਹੀ ਦੋ ਸਿਆਸੀ ਪਾਰਟੀਆਂ (ਅਕਾਲੀ ਕਾਂਗਰਸ) ਵਿੱਚ ਪਿੰਡ ਦੀ ਤਾਕਤ ਵੰਡ ਕੇ, ਆਪਣੇ ਪੈਰ ਆਪ ਕੁਹਾੜਾ ਮਾਰਿਆ ਹੈ।
ਜਿਸ ਕਰਕੇ ਸਾਡੇ ਪਿੰਡ ਸਿਆਸੀ ਪਾਰਟੀਆਂ ਦੇ “ਰਹਿਮੋ-ਕਰਮ ਤੇ ਮੰਗਤੇ” ਬਣ ਕੇ ਰਹਿ ਗਏ। ਇਸੇ ਸ਼ਾਤਰ ਸਿਆਸੀ ਧੜੇਬੰਦੀ ਨੇ ਪੰਜਾਬ ਦੇ ਅਣਖ਼ੀ ਭੋਲੇ ਲੋਕ, ਸਤਰ ਸਾਲ ਬੇਲੋੜੇ ਝਗੜੇ, ਮੁਕੱਦਮੇ ਬਾਜ਼ੀ ਅਤੇ ਨਸ਼ਿਆਂ ਦੀ ਦਲਦਲ ‘ਚ ਉਲਝਾਈ ਰੱਖੇ।
ਉਨ੍ਹਾਂ ਕਿਹਾ ਕਿ ਹੁਣ ਚੌਪਾਸੜ ਅਕਾਲੀ, ਕਾਂਗਰਸੀ, ਆਪ ਬੀਜੇਪੀ ਆਦਿ ਧੜੇ ਤਾਂ ਪਿੰਡਾਂ ਦੀ ਰਹਿੰਦੀ ਖੂੰਹਦੀ ਜਾਨ ਵੀ ਕੱਢ ਕੇ, “ਕੋਹੜੀ ਅਤੇ ਅਪੰਗ ਬਣਾ” ਕੇ ਛੱਡਣਗੇ। “ਜੋ ਕੋਹੜ ਕਿਸੇ ਹਾਲਤ ਵਿੱਚ ਵੀ ਸਹੇੜਨਾ ਨਹੀਂ ਬਣਦਾ ਦੂਜੇ ਪਾਸੇ, ਜੇ ਪਿੰਡ/ਨਗਰ ਸਿਆਸੀ ਧੜੇਬੰਦੀ ਨਕਾਰ ਕੇ, ਸਿਆਸੀ ਪਿੱਠੂਆਂ ਨੂੰ ਮੂੰਹ ਨਾ ਲਾਕੇ ਏਕਾ ਕਰ ਲਵੇ, ਅਤੇ ਇਮਾਨਦਾਰ, ਧੜੱਲੇਦਾਰ ਤੇ ਸੁਲਝੇ ਹੋਏ ਸਰਵ ਸਾਂਝੇ ਪੰਚ ਸਰਪੰਚ ਚੁਣ ਲਵੇ। ਤਾਂ ਸਾਰੀਆਂ ਹੀ ਸਿਆਸੀ ਪਾਰਟੀਆਂ, ਪਿੰਡ ਦੇ ਏਕੇ ਕਰਕੇ ਸਾਰੇ ਪਿੰਡ/ਨਗਰ ਦੇ ਨਰਾਜ਼ ਹੋਣ ਤੇ ਵਿਰੋਧ ਤੋਂ ਡਰਦੀਆਂ, ਪਿੰਡ ਨੂੰ ਮੂੰਹ ਮੰਗੀਆ ਸਹੂਲਤਾਂ/ਗਰਾਂਟਾ ਦੇਣ ਲਈ ਆਪ ਤਰਲੇ ਕਰਦੀਆਂ ਫਿਰਿਆ ਕਰਨਗੀਆਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ,”ਨਗਰ ਦਾ ਏਕਾ ਕਰਕੇ, ਸਰਵ ਸਾਂਝੀਆ ਪੰਚਾਇਤਾਂ ਬਣਾਓ, ਨਸਲਾਂ ਫ਼ਸਲਾਂ ਪੰਜਾਬ ਬਚਾਓ !”