ਪੁਲਿਸ ਨੇ ਚਲਾਇਆ ਸੀ ਸਰਚ ਆਪਰੇਸ਼ਨ,ਤਿੰਨ ਲਾਸ਼ਾਂ ਮਿਲਣ ਤੋਂ ਬਾਅਦ  ਘਰਾਂ ਨੂੰ ਤਾਲੇ ਲਗਾ ਕੇ ਦੌੜ ਗਏ ਨਸ਼ਾ ਤਸਕਰ  

ਚੰਡੀਗੜ੍ਹ ਪੰਜਾਬ

ਗੁਰਦਾਸਪੁਰ, 17 ਜੂਨ ,ਬੋਲੇ ਪੰਜਾਬ ਬਿਓਰੋ: ਦੀਨਾਨਗਰ ਦੇ ਪਿੰਡ ਡੀਡਾ‌ ਸ਼ਾਜ਼ੀਆ ਵਿੱਚ ਬੀਤੇ ਦਿਨ  ਤਿੰਨ ਲਾਸ਼ਾਂ ਮਿਲੀਆਂ ਸਨ, ਜਿਨ੍ਹਾਂ ‘ਚੋਂ ਇਕ ਲੜਕਾ ਪ੍ਰਿੰਸ ਜਿਲਾ ਪਠਾਨਕੋਟ ਅਤੇ ਦੋ ਲੜਕੇ ਸਚਿਨ ਅਤੇ ਰਾਕੇਸ਼ ਜੰਮੂ ਲਖਨਪੁਰ ਦੇ ਰਹਿਣ ਵਾਲੇ ਸਨ। ਜਿੱਥੇ ਜਿਲਾ ਗੁਰਦਾਸਪੁਰ ਪੁਲਿਸ ਵੱਲੋਂ ਅੱਜ ‌ ਪਿੰਡ ਵਿੱਚ ਲਗਾਤਾਰ ਦੂਜੇ ਦਿਨ ਐਸਐਸਪੀ ਦਾਇਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ ‌ ਸਰਚ ਆਪਰੇਸ਼ਨ ਚਲਾਇਆ ਗਿਆ ਉੱਥੇ ਹੀ ‌ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੇ  ਇਸ ਦੋਸ਼ ਲਗਾਇਆ ਕਿ ਇਸ ਪਿੰਡ ‘ਚ ਖੁੱਲ੍ਹੇਆਮ ਨਸ਼ਾ ਵੇਚਿਆ ਜਾਂਦਾ ਹੈ।   

ਪੁਲਿਸ ਨੇ ਐਸ.ਐਸ.ਪੀ.ਗੁਰਦਾਸਪੁਰ ਦਿਆਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ ਪਿੰਡ ਦੇ ਹਰ ਘਰ ਦੀ ਤਲਾਸ਼ੀ ਲਈ ਪਰ ਦੇਖਿਆ ਗਿਆ ਕਿ ਕਈ ਲੋਕ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਉੱਥੋਂ ਪਹਿਲਾਂ ਹੀ ਦੌੜ ਗਏ ਸਨ। ਐਸ.ਐਸ.ਪੀ ਨੇ ਦੱਸਿਆ ਕਿ ਇਹ ਉਹੀ ਲੋਕ ਹਨ ਜੋ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਅਤੇ ਹੁਣ ਪੁਲਿਸ ਦੇ ਡਰੋਂ ਆਪਣੇ ਘਰ ਛੱਡ ਕੇ ਨਿਕਲ ਚੁੱਕੇ ਹਨ।ਉਨ੍ਹਾਂ ਕਿਹਾ ਕਿ ਮੈਜਿਸਟ੍ਰੇਟ ਕੋਲੋਂ ਇਜਾਜ਼ਤ ਲੈ ਕੇ ਇਨ੍ਹਾਂ ਘਰਾਂ ਦੇ ਤਾਲੇ ਤੋੜ ਕੇ ਉਨ੍ਹਾਂ ਦੀ ਚੈਕਿੰਗ ਕੀਤੀ ਜਾਵੇਗੀ। 

ਉਨ੍ਹਾਂ ਕਿਹਾ ਕਿ ਹੁਣ ਤੱਕ 17 ਵਿਅਕਤੀਆਂ ਦੀ ਪਹਿਚਾਨ ਕੀਤੀ ਗਈ ਹੈ ਜੋ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਉਹਨਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿੱਚੋਂ ਪੰਜ ਵਿਅਕਤੀਆਂ ਨੂੰ ਗਿਰਫਤਾਰ ਵੀ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਵੀ ਜਲਦੀ ਹੀ ਕਰ ਲਈ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ‌ ਇਜਾਜ਼ਤ ਲੈ ਕੇ ਨਸ਼ੇ ਦੇ ਕਾਰੋਬਾਰੀਆਂ ਦੀ ਜਮੀਨ ਜਾਇਦਾਦ ਜਬਤ ਕੀਤੀ ਜਾਵੇਗੀ। 

Leave a Reply

Your email address will not be published. Required fields are marked *