ਮੁੰਬਈ, 17 ਜੂਨ,ਬੋਲੇ ਪੰਜਾਬ ਬਿਓਰੋ: ਮੁੰਬਈ ਦੇ ਨਾਲ ਲੱਗਦੇ ਮੀਰਾ ਰੋਡ ਦੇ ਵੋਕਾਰਡ ਹਸਪਤਾਲ ਸਮੇਤ ਮੁੰਬਈ ਦੇ 60 ਹਸਪਤਾਲਾਂ ‘ਚ ਬੰਬ ਧਮਾਕੇ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਮੁੰਬਈ ਅਤੇ ਮੀਰਾ ਭਾਈਂਦਰ ਪੁਲਿਸ ਦੀ ਟੀਮ ਇਨ੍ਹਾਂ ਹਸਪਤਾਲਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਕਿਸੇ ਵੀ ਹਸਪਤਾਲ ‘ਚੋਂ ਬੰਬ ਵਰਗਾ ਕੋਈ ਵੀ ਵਿਸਫੋਟਕ ਨਹੀਂ ਮਿਲਿਆ ਹੈ। ਹਸਪਤਾਲਾਂ ਨੂੰ ਮਿਲੀ ਧਮਕੀ ਨਾਲ ਮਰੀਜ਼ਾਂ ਸਮੇਤ ਆਮ ਨਾਗਰਿਕਾਂ ਵਿੱਚ ਹੜਕੰਪ ਮੱਚ ਗਿਆ ਹੈ।
ਪੁਲਿਸ ਮੁਤਾਬਕ ਸੋਮਵਾਰ ਸਵੇਰੇ 9.30 ਤੋਂ 10 ਵਜੇ ਦੇ ਕਰੀਬ ਮੀਰਾ ਰੋਡ ‘ਤੇ ਸਥਿਤ ਵਾਕਰਡ ਹਸਪਤਾਲ ਨੂੰ ਇੱਕ ਧਮਕੀ ਭਰੀ ਈ-ਮੇਲ ਮਿਲੀ। ਇਸ ਤੋਂ ਬਾਅਦ ਮੁੰਬਈ ਦੇ ਵੱਡੇ ਅਤੇ ਨਾਮੀ 60 ਹਸਪਤਾਲਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਹਨ। ਧਮਕੀ ਭਰੀ ਈ-ਮੇਲ ‘ਚ ਹਸਪਤਾਲ ‘ਚ ਧਮਾਕਾ ਹੋਣ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਕੁੱਤਿਆਂ ਦੀ ਟੀਮ ਨਾਲ ਇਨ੍ਹਾਂ ਹਸਪਤਾਲਾਂ ‘ਚ ਪਹੁੰਚੀ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਪੁਲਿਸ ਨੇ ਨਾਗਰਿਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਈ-ਮੇਲ ਭੇਜਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪਰ ਇਸ ਧਮਕੀ ਕਾਰਨ ਹਸਪਤਾਲਾਂ ਵਿੱਚ ਇਲਾਜ ਅਧੀਨ ਮਰੀਜ਼ਾਂ ਵਿੱਚ ਡਰ ਦਾ ਮਾਹੌਲ ਹੈ।