ਯੇਰੂਸ਼ਲਮ, 16 ਜੂਨ ,ਬੋਲੇ ਪੰਜਾਬ ਬਿਓਰੋ: ਹਮਾਸ ਨੂੰ ਖਤਮ ਕਰਨ ਲਈ ਚੱਲ ਰਹੇ ਇਜ਼ਰਾਈਲ ਦੀ ਜਾਰੀ ਮੁਹਿੰਮ ਨੂੰ ਸ਼ਨੀਵਾਰ ਨੂੰ ਝਟਕਾ ਲੱਗਾ ਹੈ। ਹਮਾਸ ਦੇ ਮਜ਼ਬੂਤ ਗੜ੍ਹ ਰਫਾਹ ‘ਚ ਹਮਾਸ ਵਲੋਂ ਕੀਤੇ ਗਏ ਜ਼ਬਰਦਸਤ ਧਮਾਕੇ ‘ਚ 8 ਇਜ਼ਰਾਇਲੀ ਫੌਜੀ ਮਾਰੇ ਗਏ। ਇਹ ਪਿਛਲੇ ਕਈ ਮਹੀਨਿਆਂ ਵਿੱਚ ਕੀਤਾ ਗਿਆ ਸਭ ਤੋਂ ਘਾਤਕ ਹਮਲਾ ਦੱਸਿਆ ਜਾ ਰਿਹਾ ਹੈ।
ਇਜ਼ਰਾਈਲ ਹਮਾਸ ਨੂੰ ਖਤਮ ਕਰਨ ਲਈ ਰਫਾਹ ‘ਚ ਵੱਡੇ ਪੱਧਰ ‘ਤੇ ਫੌਜੀ ਕਾਰਵਾਈ ਕਰ ਰਿਹਾ ਹੈ। ਜਿਸ ਵਿੱਚ ਇਜ਼ਰਾਈਲ ਨੂੰ ਵੀ ਹਮਾਸ ਵੱਲੋਂ ਬਦਲੇ ਦੀ ਕਾਰਵਾਈ ਵਿੱਚ ਸਮੇਂ-ਸਮੇਂ ’ਤੇ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਜ਼ਰਾਈਲ ਦੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਦੱਖਣੀ ਗਾਜ਼ਾ ਵਿੱਚ ਇੱਕ ਧਮਾਕੇ ਵਿੱਚ ਉਸਦੇ ਅੱਠ ਸੈਨਿਕ ਮਾਰੇ ਗਏ। ਰਫਾਹ ਦੇ ਤਾਲ ਅਲ-ਸੁਲਤਾਨ ਇਲਾਕੇ ‘ਚ ਸ਼ਾਮ 5 ਵਜੇ ਧਮਾਕਾ ਹੋਇਆ।
ਇਜ਼ਰਾਈਲੀ ਫੌਜ ਦੇ ਬੁਲਾਰੇ ਰਿਅਰ ਐਡ. ਡੇਨੀਅਲ ਹਗਾਰੀ ਦੇ ਮੁਤਾਬਕ, ਧਮਾਕਾ ਹਮਾਸ ਵੱਲੋਂ ਲਗਾਏ ਗਏ ਵਿਸਫੋਟਕ ਜਾਂ ਐਂਟੀ-ਟੈਂਕ ਮਿਜ਼ਾਈਲ ਰਾਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਹਮਾਸ ਦੀ ਰਫਾਹ ਬ੍ਰਿਗੇਡ ਨੂੰ ਹਰਾਉਣ ਦੀ ਲੋੜ ਹੈ ਅਤੇ ਅਸੀਂ ਦ੍ਰਿੜ ਇਰਾਦੇ ਨਾਲ ਅਜਿਹਾ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਪਿਛਲੇ ਅੱਠ ਮਹੀਨਿਆਂ ਤੋਂ ਲੜਾਈ ਚੱਲ ਰਹੀ ਹੈ। ਫਲਸਤੀਨ ਵਿੱਚ ਇਜ਼ਰਾਇਲੀ ਹਮਲਿਆਂ ਕਾਰਨ ਹੋਈ ਭਾਰੀ ਤਬਾਹੀ ਦੇ ਮੱਦੇਨਜ਼ਰ ਇਸਨੂੰ ਰੋਕਣ ਲਈ ਵਿਸ਼ਵ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਅੱਤਵਾਦੀਆਂ ਵੱਲੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ‘ਚ 1200 ਲੋਕ ਮਾਰੇ ਗਏ ਸਨ ਅਤੇ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਇਜ਼ਰਾਈਲ ਨੇ ਹਮਾਸ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਸੀ।