ਚੰਡੀਗੜ੍ਹ, 15 ਜੂਨ ,ਬੋਲੇ ਪੰਜਾਬ ਬਿਓਰੋ:
ਪੰਜਾਬ ਅਤੇ ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿੱਚ ਅੱਤ ਗਰਮੀ ਜਾਰੀ ਹੈ। ਪੰਜਾਬ ਵਿੱਚ ਤਾਪਮਾਨ ਅੱਜ ਆਮ ਨਾਲੋਂ 7 ਤੋਂ 8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।ਪੰਜਾਬ ‘ਚ ਫਾਜ਼ਿਲਕਾ ਸ਼ਹਿਰ ਸਭ ਤੋਂ ਵੱਧ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 47.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਐਤਵਾਰ ਅਤੇ ਸੋਮਵਾਰ ਨੂੰ ਔਰੈਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ 18 ਜੂਨ ਸ਼ਾਮ ਨੂੰ ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ। ਉਨ੍ਹਾਂ ਕਈ ਥਾਵਾਂ ’ਤੇ ਹਨੇਰੀ ਚੱਲਣ ਅਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਲੋਕਾਂ ਨੂੰ 19 ਅਤੇ 20 ਜੂਨ ਨੂੰ ਵੀ ਗਰਮੀ ਤੋਂ ਮਾਮੂਲੀ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 7.2 ਡਿਗਰੀ ਸੈਲਸੀਅਸ ਵੱਧ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ 44.4 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 44.3, ਪਟਿਆਲਾ ਤੇ ਪਠਾਨਕੋਟ ਵਿੱਚ 45.1-45.1, ਗੁਰਦਾਸਪੁਰ ਵਿੱਚ 46.5, ਬਠਿੰਡਾ ਏਅਰਪੋਰਟ ’ਤੇ 45.8, ਨਵਾਂ ਸ਼ਹਿਰ ਵਿੱਚ 42.8, ਬਰਨਾਲਾ ਵਿੱਚ 43.5, ਫਰੀਦਕੋਟ ਵਿੱਚ 44.7, ਫਤਿਹਗੜ੍ਹ ਸਾਹਿਬ ਵਿੱਚ 44.2, ਫਿਰੋਜ਼ਪੁਰ ਵਿੱਚ 42.9, ਜਲੰਧਰ ਵਿੱਚ 42.9, ਮੋਗਾ ਵਿੱਚ 42.1, ਮੁਹਾਲੀ ਵਿੱਚ 43.7 ਅਤੇ ਰੋਪੜ ਵਿੱਚ 42.9, ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।