*ਪਿਓ ਦੇ ਕਦਮਾਂ ਵਿੱਚ*
ਵੀਰਾ ਆਖਦੈ,
“ ਕਿਤਾਬਾਂ ਸਦਾ ਜਿਉਂਦੀਆਂ ਨੇ,
ਜਿਉਂ ਲੈ ਤੂੰ ਵੀ ਤਾਉਮਰ”,
ਲਿਖਤ ਚੁੱਪ ਚਾਪ ਬੈਠੀ ਰਹੀ।
ਮਾਂ ਨੂੰ ਪੜ੍ਹਨਾ ਘੱਟ ਆਉਂਦਾ ਹੈ,
ਪਰ ਪਤਾ ਹੈ ਮਾਨ ਸਨਮਾਨ ਮਿਲਦੇ ਨੇ ਲਿਖਾਰੀਆਂ ਨੂੰ,
ਉਹ ਲਿਖੇ ਹਰਫਾਂ ਤੇ ਹੱਥ ਫੇਰਦੀ ਹੈ,
ਤੇ ਲਿਖਤ ਮੁਸਕਰਾਉਂਦੀ ਹੈ ਉਸ ਦੀ ਛੋਹ ਨਾਲ।
ਭੈਣ ਜਾਣਦੀ ਹੈ
ਲਿਖਤ ਛਪਵਾਉਣ ਲਈ ਪੈਸੇ ਚਾਹੀਦੇ ਨੇ
ਕੋਲ ਖੜ ਗੋਲਕ ਭੰਨਦੀ ਹੈ ਤੇ ਸਿੱਕੇ
ਕਾਗਜ਼ ਦੇ ਥੱਬੇ ਕੋਲ ਨੱਚਣ ਲੱਗਦੇ
ਤੇ ਲਿਖਤਾਂ ਦੀਆਂ ਬਰਾਸ਼ਾ ਹੋਰ ਖਿਲਰ ਜਾਦੀਆਂ ਨੇ।
ਦੂਰ ਬੈਠਾ ਪਿਓ ਸਭ ਵੇਖੀ ਜਾਂਦਾ ,
ਉਹਨੂੰ ਨਹੀਂ
ਪਤਾ ਕਿਤਾਬਾਂ ਜਿਉਂਦੀਆਂ ਨੇ,
ਉਹਨੂੰ ਨਹੀਂ ਪਤਾ
ਮਾਨ ਸਨਮਾਨ ਵੀ ਮਿਲਦੇ ਨੇ
ਉਹ ਅੱਖਰਾਂ ਤੇ ਹੱਥ ਵੀ ਨਹੀਂ ਫੇਰਦਾ,
ਕਿ ਤੂੜੀ ਵਾਲੇ ਹੱਥ ਨੇ,
ਕੋਰੇ ਕਾਗਜ ਚਿੱਟੇ ਮੈਲੇ ਨਾ ਹੋ ਜਾਣ।
ਉਸ ਗੋਲਕ ਵੀ ਨਾ ਭੰਨੀ
ਉਹ ਬਾਹਰ ਜਾਂਦਾ ਹੈ,
ਪਰਤਦਾ ਹੈ,
ਸੰਤੂ ਦੀ ਹੱਟੀ ਤੋਂ ਪੈਨ ਲੈ
ਲਿਖਤ ਕੋਲ ਰੱਖਦਾ ਹੈ।
ਵੇਖ ਚਾਬਲਾਂ ਮਾਰਦੀ ਹੈ।
ਹਰਫਾਂ ਤੋਂ ਪੂਰਨਿਆਂ ਤੇ ਪਹੁੰਚਦੀ ਹੈ
ਦੋ ਦਹਾਕੇ ਪਹਿਲਾਂ,
ਜਦੋ ਮਾਂ ਹੱਥ ਫੜ ਲਿਖਾਉਦੀ ਸੀ,
ਵੀਰਾ ਰੁੜ੍ਹਦਾ ਸੀ,
ਤੇ ਪਿਓ ਸਲੇਟ ਤੇ ਸਲੇਟੀ ਸਰ੍ਹਾਣੇ ਰੱਖਦਾ ਸੀ
ਫਿਰ ਪੈਂਸਿਲ,
ਫਿਰ ਛੇਵੀਂ ਜਮਾਤ ਵੇਲੇ ਪੈਨ ,
ਹਵਾ ਦਾ ਝੋਕਾ ਆਉਂਦਾ.
ਕਾਗਜ਼ ਹੋਸ਼ ਚ ਆਉਦੇ ਨੇ
ਤੇ ਬਾਹਰ ਜਾਦੇ ਪਿਓ ਦੇ
ਪਿੱਛੇ ਛੱਡਦੇ ਕਦਮਾਂ ਚ,
ਵਰਕੇ ਜਾ ਸਿਜਦਾ ਕਰਦੇ ਨੇ।
ਲਿਖਤ ਉੱਚੀ ਉੱਚੀ ਉੱਚੀ ਹੱਸਣ ਲੱਗਦੀ ਹੈ
*ਰੂਪਮਾਨ*
ਨੱਚਦੀ ਰਹੂ,
ਜਿਉਂਦੀ ਰਹੂ,
ਸਦੀਆਂ ਤੱਕ ਕਿਆਮਤਾਂ ਤੱਕ,
ਹੁਣ ਪਿਓ ਦੇ ਕਦਮਾਂ ਚ,
ਤੇ ਜਗਤ ਦੇ ਕਦਮਾਂ ਚ ਵੀ।