ਗੁਰਦਾਸਪੁਰ, 15 ਜੂਨ ,ਬੋਲੇ ਪੰਜਾਬ ਬਿਓਰੋ: ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਨੇੜਲੇ ਪਿੰਡ ਡੀਡਾ ਸਾਸੀਆਂ ਵਿੱਚ ਰਜਵਾਹੇ ਦੇ ਨਾਲ ਲੱਗਦੀਆਂ ਝਾੜੀਆਂ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ ਇੱਕ ਨੌਜਵਾਨ ਦੀ ਲਾਸ਼ ਪਿੰਡ ਝਾਂਗੀ ਸਵਰੂਪ ਦਾਸ ਦੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ।
ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਇਨ੍ਹਾਂ ਮਾਮਲਿਆਂ ਸਬੰਧੀ ਅਗਲੇਰੀ ਕਾਰਵਾਈ ਕਰਨ ‘ਚ ਲੱਗੀ ਹੋਈ ਹੈ। ਜਾਣਕਾਰੀ ਅਨੁਸਾਰ ਦੀਨਾਨਗਰ ਦੇ ਨਾਲ ਲੱਗਦੇ ਪਿੰਡ ਡੀਡਾ ਸਾਸੀਆਂ ‘ਚ ਕੁਝ ਰਾਹਗੀਰਾਂ ਨੇ ਰਜਵਾਹੇ ਦੇ ਨਾਲ ਲੱਗਦੀਆਂ ਝਾੜੀਆਂ ‘ਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਖਰਾਬ ਹਾਲਤ ‘ਚ ਪਈਆਂ ਦੇਖੀਆਂ। ਜਿਸ ਤੋਂ ਬਾਅਦ ਪਿੰਡ ‘ਚ ਸਨਸਨੀ ਫੈਲ ਗਈ ਅਤੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਇਸੇ ਦੌਰਾਨ ਜਦੋਂ ਪੁਲੀਸ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕਰ ਰਹੀ ਸੀ ਤਾਂ ਡੀਡਾ ਸਾਸੀਆਂ ਤੋਂ ਥੋੜ੍ਹੀ ਦੂਰ ਪਿੰਡ ਝੰਗੀ ਸਰੂਪਦਾਸ ਵਿੱਚ ਝਾੜੀਆਂ ਵਿੱਚੋਂ ਇੱਕ ਹੋਰ ਨੌਜਵਾਨ ਦੀ ਲਾਸ਼ ਮਿਲੀ।
ਦੱਸਿਆ ਗਿਆ ਹੈ ਕਿ ਡੀਡਾ ਸਾਂਸੀਆਂ ‘ਚ ਨਸ਼ੇ ਦਾ ਕਾਰੋਬਾਰ ਵੱਡੇ ਪੱਧਰ ‘ਤੇ ਚੱਲਦਾ ਹੈ ਅਤੇ ਦੂਰ-ਦੂਰ ਤੋਂ ਨਸ਼ੇੜੀ ਇਸ ਪਿੰਡ ‘ਚ ਨਸ਼ੇ ਦਾ ਸੇਵਨ ਕਰਨ ਲਈ ਆਉਂਦੇ ਹਨ। ਜਿਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।