ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਲੀਆ ਵਧਾਉਣ ਅਤੇ ਖਰਚਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ‘ਤੇ ਜ਼ੋਰ

ਚੰਡੀਗੜ੍ਹ ਪੰਜਾਬ

ਮੁੱਖ ਸਕੱਤਰ ਨੇ ਵਿਸ਼ਵ ਬੈਂਕ ਤੋਂ ਫੰਡ ਪ੍ਰਾਪਤ ਬੀ.ਐਫ.ਏ.ਆਈ.ਆਰ. ਪ੍ਰਾਜੈਕਟਾਂ ਬਾਰੇ ਪ੍ਰੋਗਰਾਮ ਸਟੀਅਰਿੰਗ ਕਮੇਟੀ ਵਿੱਚ ਕੀਤੀ ਸਮੀਖਿਆ

ਚੰਡੀਗੜ੍ਹ, 14 ਜੂਨ,ਬੋਲੇ ਪੰਜਾਬ ਬਿਓਰੋ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਇਥੇ ਵਿਸ਼ਵ ਬੈਂਕ ਦੁਆਰਾ ਫੰਡ ਪ੍ਰਾਪਤ ਬੀ.ਐਫ.ਏ.ਆਈ.ਆਰ. ਪ੍ਰਾਜੈਕਟ ਬਾਰੇ ਪ੍ਰੋਗਰਾਮ ਸਟੀਅਰਿੰਗ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਤਾਂ ਜੋ ਖਰਚਿਆਂ ਦਾ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਦਿਆਂ ਮਾਲੀਆ ਪੈਦਾਵਾਰ ਵਧਾ ਕੇ ਸੂਬੇ ਦੀ ਵਿੱਤੀ ਹਾਲਤ ਵਿੱਚ ਸੁਧਾਰ ਕੀਤਾ ਜਾ ਸਕੇ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਸਦਾ ਮੁੱਖ ਉਦੇਸ਼ ਸੂਬੇ ਦੀ ਵਿੱਤੀ ਪ੍ਰਬੰਧਨ ਅਤੇ ਸੰਸਥਾਗਤ ਸਮਰੱਥਾ ਨੂੰ ਵਧਾਉਣਾ ਹੈ। ਸ੍ਰੀ ਵਰਮਾ ਨੇ ਇਸ ਸਬੰਧੀ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪ੍ਰਾਜੈਕਟ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਵਧੇਰੇ ਸਹਿਯੋਗ ਅਤੇ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਨੇ ਬਿਹਤਰ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਅਤੇ ਮਿਉਂਸਪਲ ਸੰਸਥਾਵਾਂ ਦੀ ਸਮਰੱਥਾ ਨੂੰ ਵਧਾਉਣ ਲਈ ਈ-ਗਵਰਨੈਂਸ ਪਲੇਟਫਾਰਮਾਂ ਦੇ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਮੁੱਖ ਸਕੱਤਰ ਨੇ ਕਿਹਾ ਕਿ ਇਸ ਦਾ ਇੱਕੋ-ਇੱਕ ਉਦੇਸ਼ ਸੂਬੇ ਦੀ ਭਲਾਈ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਭਲਾਈ ਲਈ ਵਚਨਬੱਧ ਹੈ ਜਿਸ ਲਈ ਫੰਡਾਂ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ਸ੍ਰੀ ਵਰਮਾ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੂਬਾ ਸਰਕਾਰ ਦਾ ਇਕ-ਇਕ ਪੈਸਾ ਸੂਬੇ ਦੀ ਭਲਾਈ ਲਈ ਪੂਰੀ ਸੂਝ-ਬੂਝ ਨਾਲ ਵਰਤਿਆ ਜਾਵੇ।

ਇਸ ਤੋਂ ਪਹਿਲਾਂ ਸਬੰਧਤ ਵਿਭਾਗ ਦੇ ਪ੍ਰਬੰਧਕੀ ਸਕੱਤਰਾਂ ਨੇ ਪ੍ਰਗਤੀ, ਵਿੱਤੀ ਪ੍ਰਬੰਧਨ, ਸਮਰੱਥਾ ਨਿਰਮਾਣ ਅਤੇ ਲਾਗੂਕਰਨ ਦੌਰਾਨ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। ਇਹ ਮੀਟਿੰਗ ਪ੍ਰਾਜੈਕਟ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਵਿੱਤੀ ਜਵਾਬਦੇਹੀ ਅਤੇ ਸੰਸਥਾਗਤ ਲਚਕਤਾ ਨੂੰ ਵਧਾਉਣ ਦੀ ਵਚਨਬੱਧਤਾ ਨਾਲ ਸਮਾਪਤ ਹੋਈ।

ਮੀਟਿੰਗ ਵਿੱਚ ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਭਾਗ ਰਾਜੀ ਪੀ ਸ਼੍ਰੀਵਾਸਤਵਾ, ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਕ੍ਰਿਸ਼ਨ ਕੁਮਾਰ, ਸਕੱਤਰ ਸਥਾਨਕ ਸਰਕਾਰਾਂ ਅਜੋਏ ਸ਼ਰਮਾ, ਸਕੱਤਰ ਵਿੱਤ ਦੀਪਰਵਾ ਲਾਕੜਾ, ਸਕੱਤਰ ਯੋਜਨਾ ਮਾਲਵਿੰਦਰ ਸਿੰਘ ਜੱਗੀ, ਸਕੱਤਰ ਖਰਚਾ ਮੁਹੰਮਦ ਤਈਅਬ, ਵਿਸ਼ਵ ਬੈਂਕ ਦੀ ਪ੍ਰੋਗਰਾਮ ਲੀਡਰ ਭਾਵਨਾ ਭਾਟੀਆ ਅਤੇ ਸੀਨੀਅਰ ਅਰਥ ਸ਼ਾਸਤਰੀ ਧਰੁਵ ਸ਼ਰਮਾ ਸ਼ਾਮਲ ਸਨ।

Leave a Reply

Your email address will not be published. Required fields are marked *