ਰੋਮ, 14 ਜੂਨ,ਬੋਲੇ ਪੰਜਾਬ ਬਿਓਰੋ: ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਸੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ਪਹੁੰਚ ਗਏ ਹਨ। ਉਹ ਜੀ-7 ਆਊਟਰੀਚ ਸਿਖਰ ਸੰਮੇਲਨ ‘ਚ ਹਿੱਸਾ ਲੈਣਗੇ। ਇਹ ਸੰਮੇਲਨ ਇਟਲੀ ਦੇ ਅਪੁਲੀਆ ਖੇਤਰ ਵਿੱਚ ਆਯੋਜਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਇਟਲੀ ਪਹੁੰਚਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਪਹੁੰਚਣ ਤੋਂ ਬਾਅਦ ਐਕਸ ਹੈਂਡਲ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਹੈ, “ਵਿਸ਼ਵ ਨੇਤਾਵਾਂ ਨਾਲ ਸਾਰਥਕ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਉਤਸੁਕ ਹਾਂ।” ਮਿਲ ਕੇ, ਸਾਡਾ ਉਦੇਸ਼ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨਾ ਅਤੇ ਉੱਜਵਲ ਭਵਿੱਖ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਵਧਾਉਣਾ ਹੈ।”
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸੰਮੇਲਨ ਤੋਂ ਇਲਾਵਾ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ। ਮਾਰਚ 2023 ਵਿੱਚ ਮੇਲੋਨੀ ਦੀ ਭਾਰਤ ਫੇਰੀ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਇਹ ਦੂਜੀ ਮੁਲਾਕਾਤ ਹੋਵੇਗੀ। ਮੋਦੀ ਉੱਚ ਪੱਧਰੀ ਵਫਦ ਨਾਲ ਇਟਲੀ ਪਹੁੰਚ ਗਏ ਹਨ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨਾਲ ਮੁਲਾਕਾਤ ਵੀ ਸੰਭਵ ਹੈ।
ਵਰਨਣਯੋਗ ਹੈ ਕਿ ਇਟਲੀ ਦੀ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਅਲਜੀਰੀਆ ਦੇ ਰਾਸ਼ਟਰਪਤੀ ਅਬਦੇਲਮਾਦਜਿਦ ਟੇਬੌਨੇ, ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਅਤੇ ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੂੰ ਵੀ ਸੱਦਾ ਦਿੱਤਾ ਹੈ। ਸਾਰੇ ਨੇਤਾ ਅਫ਼ਰੀਕੀ ਮਹਾਂਦੀਪ ‘ਤੇ ਇਟਲੀ ਦੇ ਵਿਕਾਸ ਬਾਰੇ ਗੱਲ ਕਰਨਗੇ। ਹੋਰ ਮਹਿਮਾਨਾਂ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਾ ਸਿਲਵਾ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਸ਼ਾਮਲ ਹਨ।
ਇਹ ਸੰਮੇਲਨ ਇਟਲੀ ਵਿੱਚ ਸ਼ੁਰੂ ਹੋ ਗਿਆ ਹੈ। ਇਸ ਮੌਕੇ ’ਤੇ ਜੀ-8 ਅਤੇ ਜੀ-20 ਦੇ ਸਾਬਕਾ ਇਟਾਲੀਅਨ ਸ਼ੇਰਪਾ ਅਤੇ ਰਾਜਦੂਤ ਗਿਆਮਪੀਏਰੋ ਮਾਸੋਲੋ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇੱਕ ਪ੍ਰਮੁੱਖ ਦੇਸ਼ ਅਤੇ ਇੱਕ ਵਿਸ਼ਾਲ ਲੋਕਤੰਤਰ ਹੈ। ਹਰ ਕੋਈ ਇਸਨੂੰ ਇੱਕ ਸਥਿਰ ਕਾਰਕ ਵਜੋਂ ਗਿਣਦਾ ਹੈ। ਗਲੋਬਲ ਸਾਊਥ ਵਿੱਚ ਭਾਰਤ ਦੀ ਅਹਿਮ ਸਥਿਤੀ ਹੈ। ਜੀ-7 ਸਿਖਰ ਸੰਮੇਲਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਭਾਗੀਦਾਰੀ ਨੇ ਉਨ੍ਹਾਂ ਨੂੰ ਪਿਛਲੇ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਹੋਏ G-20 ਸਿਖਰ ਸੰਮੇਲਨ ਦੇ ਨਤੀਜਿਆਂ ਦਾ ਪਾਲਣ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗੀ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇਟਲੀ ‘ਚ ਹੋਣ ਵਾਲੇ ਜੀ-7 ਸੰਮੇਲਨ ‘ਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕਰਨ ਦੀ ਵੀ ਉਮੀਦ ਹੈ।
ਸੰਮੇਲਨ ’ਚ ਮੱਧ ਪੂਰਬ ਅਤੇ ਯੂਕ੍ਰੇਨ ਵਿੱਚ ਚੱਲ ਰਹੇ ਸੰਘਰਸ਼ਾਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਦੁਨੀਆ ਭਰ ਦੇ ਨੇਤਾ ਇਨ੍ਹਾਂ ਗੁੰਝਲਦਾਰ ਭੂ-ਰਾਜਨੀਤਿਕ ਚੁਣੌਤੀਆਂ ਨਾਲ ਨਜਿੱਠਣ ਅਤੇ ਹੱਲ ਕਰਨ ਦੇ ਤਰੀਕੇ ਲੱਭਣਗੇ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਏਜੰਡੇ ਦੇ ਪ੍ਰਮੁੱਖ ਵਿਸ਼ਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜੀ-7 ਸੰਗਠਨ ਦੇ ਮੈਂਬਰ ਦੇਸ਼ਾਂ ਵਿਚ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ, ਇਟਲੀ, ਜਾਪਾਨ ਅਤੇ ਫਰਾਂਸ ਦੇ ਨਾਲ-ਨਾਲ ਯੂਰਪੀਅਨ ਯੂਨੀਅਨ ਵੀ ਸ਼ਾਮਲ ਹਨ।