ਚੰਡੀਗੜ੍ਹ, 14 ਜੂਨ, ਬੋਲੇ ਪੰਜਾਬ ਬਿਓਰੋ:
ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਵਿੱਚ ਹੜਕੰਪ ਮਚ ਗਿਆ। ਇਸ ਵਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਵੱਲੋਂ ਚੰਡੀਗੜ੍ਹ ਸਮੇਤ ਕਈ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਚਿੱਠੀ ਮਿਲੀ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਦੇ ਨਾਂ ਇਕ ਪੱਤਰ ਮਿਲਿਆ।
ਪੱਤਰ ‘ਚ ਲਿਖਿਆ ਗਿਆ ਸੀ ਕਿ ਜੰਮੂ-ਕਸ਼ਮੀਰ ‘ਚ ਮਾਰੇ ਗਏ ਜੇਹਾਦੀਆਂ ਦਾ ਬਦਲਾ ਲੈਣ ਲਈ ਕਈ ਰੇਲਵੇ ਸਟੇਸ਼ਨਾਂ ਅਤੇ ਮੰਦਰਾਂ ਨੂੰ ਉਡਾ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਅੰਬਾਲਾ ਮੰਡਲ ਦੇ ਆਰ.ਪੀ.ਐੱਫ. ਅਤੇ ਜੀ. ਆਰ.ਪੀ. ਟੀਮ ਨਾਲ ਮੁਲਾਕਾਤ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਜੀ.ਆਰ.ਪੀ. ਚੰਡੀਗੜ੍ਹ ਸਟੇਸ਼ਨ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਪੱਤਰ ਮਿਲਣ ਤੋਂ ਬਾਅਦ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜੇਕਰ ਲੋੜ ਪਈ ਤਾਂ ਚੰਡੀਗੜ੍ਹ ਪੁਲਿਸ ਦੀ ਵੀ ਮਦਦ ਲਈ ਜਾਵੇਗੀ। ਇਸ ਦੇ ਨਾਲ ਹੀ ਇਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਇਹ ਪਤਾ ਲਗਾ ਰਹੀ ਹੈ ਕਿ ਇਹ ਚਿੱਠੀ ਕਿਸ ਡਾਕਘਰ ਤੋਂ ਪੋਸਟ ਕੀਤੀ ਗਈ ਹੈ। ਇਸ ਦੇ ਨਾਲ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪੱਤਰ ਫਿਲੌਰ ਦੇ ਇੱਕ ਡਾਕਖਾਨੇ ਤੋਂ ਆਇਆ ਸੀ, ਜਿਸ ‘ਤੇ ਉਸ ਜਗ੍ਹਾ ਦੀ ਮੋਹਰ ਲੱਗੀ ਹੋਈ ਹੈ।