ਜ਼ੀਰਾ, 12 ਜੂਨ, ਬੋਲੇ ਪੰਜਾਬ ਬਿਓਰੋ:
ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਵਿਧਾਇਕ ‘ਤੇ ਕਸਬਾ ਜ਼ੀਰਾ ਵਿਚ ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਵਿਚ ਪੁਲਿਸ ਨੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਬਾਅਦ ਮੰਗਲਵਾਰ ਨੂੰ ਜ਼ੀਰਾ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮਾਮਲੇ ਦੀ ਨਿਰਪੱਖ ਜਾਂਚ ਨਾ ਹੋਈ ਤਾਂ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਜ਼ੀਰਾ ਦੇ ਪਿੰਡ ਬੱਗੀ ਵਿਚ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਦੇ ਚਾਚਾ ਮਹਿੰਦਰਜੀਤ ਸਿੰਘ ਦਾ ਪਿੰਡ ਦੇ ਹੀ ਗੁਰਲਾਲ ਸਿੰਘ ਨਾਲ 10 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਵੀਰਵਾਰ ਨੂੰ ਦੋਵਾਂ ਧੜਿਆਂ ‘ਚ ਝਗੜਾ ਹੋ ਗਿਆ ਸੀ। ਇਸ ਵਿਚਕਾਰ ਗੁਰਲਾਲ ਸਿੰਘ ਦੀ ਲੱਤ ਵਿਚ ਗੋਲੀ ਲੱਗ ਗਈ।ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।
ਇਲਾਜ ਲਈ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਰੈਫਰ ਕੀਤਾ ਗਿਆ।
ਦੂਜੇ ਪਾਸੇ ਰਾਜਾ ਵੜਿੰਗ ਨੇ ਕਿਹਾ ਕਿ ਜ਼ੀਰਾ ਪੁਲਿਸ ਨੇ ਸਰਕਾਰ ਦੇ ਦਬਾਅ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ ਜਦਕਿ ਝਗੜੇ ਦੌਰਾਨ ਸਾਬਕਾ ਵਿਧਾਇਕ ਜ਼ੀਰਾ ‘ਚ ਮੌਜੂਦ ਹੀ ਨਹੀਂ ਸਨ। ਪੁਲਿਸ ਕੋਲ ਕੁਲਬੀਰ ਜ਼ੀਰਾ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਹੈ। ਇਸ ਸਬੰਧ ‘ਚ ਉਨ੍ਹਾਂ ਦੀ ਐੱਸਐੱਸਪੀ ਫ਼ਿਰੋਜ਼ਪੁਰ ਨਾਲ ਵੀ ਗੱਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਜਾਂਚ ਕਰਾਵਾਂਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਐੱਸਆਈਟੀ ਬਣਾ ਕੇ ਜਾਂਚ ਕਰੇ ਤੇ ਜੋ ਮੁਲਜ਼ਮ ਹੈ, ਉਸ ‘ਤੇ ਜ਼ਰੂਰ ਕਾਰਵਾਈ ਕਰੇ।