ਸ਼ੰਭੂ ਮੋਰਚੇ ਨੂੰ ਲੈਕੇ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਵੱਲੋਂ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਕਨਵੈਂਸ਼ਨ ਦਾ ਆਯੋਜਨ
ਵੱਡੀ ਗਿਣਤੀ ਚ ਪੁੱਜੇ ਕਿਸਾਨਾਂ ਅੰਦਰ ਜਥੇਬੰਦੀ ਦੀ ਸੂਬਾਈ ਆਗੂ ਲੀਡਰਸ਼ਿਪ ਨੇ ਭਰਿਆ ਜੋਸ਼
ਮੁਦਕੀ 11 ਜੂਨ,ਬੋਲੇ ਪੰਜਾਬ ਬਿਓਰੋ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਸ਼ੰਭੂ ਬਾਰਡਰ ਮੋਰਚੇ ਸਮੇਤ ਹੋਰ ਵੀ ਮੋਰਚਿਆਂ ਦੀ ਤੱਥ ਭਰਪੂਰ ਜਾਣਕਾਰੀ ਅਤੇ ਜਥੇਬੰਦੀ ਦੇ ਸਿਧਾਂਤਕ ਨਿਯਮਾਂ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਮੋਗਾ ਅਤੇ ਫਰੀਦਕੋਟ ਦੀ ਸਾਂਝੀ ਵਿਸ਼ਾਲ ਕਨਵੈਂਸ਼ਨ ਦਾ ਆਯੋਜਨ ਮੁਦਕੀ ਦੇ ਬਰਾੜ ਪੈਲੇਸ ਵਿੱਚ ਕੀਤਾ ਗਿਆ। ਸਟੇਜ ਦਾ ਸੰਚਾਲਨ ਜ਼ਿਲ੍ਹਾ ਆਗੂ ਗੁਰਭਾਗ ਸਿੰਘ ਮਰੂੜ ਵੱਲੋ ਕੀਤਾ ਗਿਆ।ਜਥੇਬੰਦੀ ਦੇ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਜਥੇਬੰਦੀ ਦਾ ਪਿਛਲੇ ਕਰੀਬ 40 ਸਾਲਾਂ ਤੋਂ ਸੰਘਰਸ਼ੀ ਪਿੜਾਂ ਤੋਂ ਵਿਚਰਦਿਆਂ ਹੋਇਆਂ ਦਾ ਇਕ ਮਾਣਮੱਤਾ ਇਤਿਹਾਸ ਰਿਹਾ ਹੈ ਜਿਸ ਵਿੱਚ ਜਥੇਬੰਦੀ ਨੂੰ ਕਈ ਵਾਰ ਸਰਕਾਰਾਂ ਦੇ ਜਬਰ ਦਾ ਸਾਹਮਣਾ ਸਬਰ ਨਾਲ ਕਰਕੇ, ਇਥੋਂ ਤੱਕ ਕਈ ਵੱਡੇ ਵੱਡੇ ਕੇਸਾਂ ਦਾ ਸਾਹਮਣਾ ਕਰਦਿਆਂ ਹੋਇਆਂ ਇੰਟੈਰੋਗੇਸ਼ਨਾਂ ਨੂੰ ਝੱਲਿਆ ਪਰ ਜਥੇਬੰਦੀ ਆਪਣੇ ਸਿਧਾਂਤਕ ਨਿਯਮ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟੀ ਤੇ ਹੱਕਾਂ ਲਈ ਡਟਕੇ ਜਬਰ ਦਾ ਸਾਹਮਣਾ ਕੀਤਾ ਹੈ। ਓਹਨਾਂ ਕਿਹਾ ਕਿ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਜਥੇਬੰਦੀ ਦਾ ਹਿੱਸਾ ਹਾਂ ਜਿਸਨੇ ਆਪਣੇ ਇਸ ਸੰਘਰਸ਼ੀ ਸਫ਼ਰ ਦੌਰਾਨ ਇਕ ਵੀ ਦਾਗ ਨਹੀਂ ਲਗਵਾਇਆ ਤੇ ਪਿਛਲੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਵੀ ਜਥੇਬੰਦੀ ਵੱਲੋਂ ਲਏ ਗਏ ਸਖ਼ਤ ਫ਼ੈਸਲਿਆਂ ਦੇ ਚਲਦਿਆਂ ਭਾਵੇਂ ਜਥੇਬੰਦੀ ਨੂੰ ਜਬਰੀ ਸਸਪੈਂਡ ਕਰ ਦਿੱਤਾ ਜਾਂਦਾ ਸੀ ਪਰ ਹੁਣ ਇਹ ਗੱਲ ਪੂਰੇ ਪੰਜਾਬ ਨੂੰ ਪਤਾ ਹੈ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ, ਪੰਜਾਬ ਦੇ ਮਜਦੂਰਾਂ ਦੀ ਗੱਲ ਕਰਨ ਵਾਲੀ, ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਭਾਵੇਂ ਓਹ ਪੰਥਕ ਮਸਲੇ ਹੋਣ ਤਾਂ ਓਹਨਾਂ ਲਈ ਹਿੱਕ ਠੋਕ ਕੇ ਖੜਨ ਵਾਲੀ ਜਥੇਬੰਦੀ ਭਾਕਿਯੂ ਕ੍ਰਾਂਤੀਕਾਰੀ ਪੰਜਾਬ ਹੈ। ਇਸ ਮੌਕੇ ਕਨਵੈਸ਼ਨ ਦੌਰਾਨ ਪੁੱਜੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸ਼ੰਭੂ ਮੋਰਚੇ ਦੌਰਾਨ ਤੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਮੋਦੀ ਹਕੂਮਤ ਵੱਲੋਂ ਕਿਸਾਨਾਂ ਉੱਪਰ ਜੋ ਬੰਬਾਂ ਰੂਪੀ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਸਨ ਓਹ ਇਕ ਇਕ ਗੋਲਾ ਇਹਨਾਂ ਦੀਆਂ ਲੋਕ ਸਭਾ ਸੀਟਾਂ ਉੱਪਰ ਕਿੱਲ ਸਾਬਤ ਹੋਇਆ ਹੈ। ਓਹਨਾਂ ਕਿਹਾ ਕਿ ਐਤਕੀਂ ਲੋਕ ਸਭਾ ਚੋਣਾਂ ਚ ਪੀਐਮ ਮੋਦੀ ਦੀ ਸਰਕਾਰ ਖਲੌੜੀਆਂ ਦੇ ਆਸਰੇ ਦੀ ਕਗਾਰ ਉੱਪਰ ਚੱਲੇਗੀ ਜਿਸ ਵਿੱਚ ਨਿਤੀਸ਼ ਕੁਮਾਰ ਤੇ ਨਾਇਡੂ ਭੂਮਿਕਾ ਨਿਭਾਅ ਰਹੇ ਹਨ ਤੇ ਇਹ ਸਭ ਕਿਸਾਨ ਅੰਦੋਲਨ ਦੀ ਬਦੌਲਤ ਹੋਇਆ ਹੈ ਤੇ ਮੋਦੀ ਦਾ ਹੰਕਾਰ ਚਕਨਾਚੂਰ ਹੋਇਆ ਹੈ। ਓਹਨਾਂ ਕਿਹਾ ਕਿ ਸ਼ੰਭੂ ਮੋਰਚਾ ਪੂਰੀ ਚੜਦੀਕਲ੍ਹਾ ਵਿੱਚ ਚੱਲ ਰਿਹਾ ਹੈ ਭਾਵੇਂ ਕਿ ਪਿਛਲਾ ਮਹੀਨਾ ਕੰਮਕਾਜ ਵਾਲਾ ਮਹੀਨਾ ਰਿਹਾ ਸੀ ਪਰ ਹੁਣ ਮੁੜਤੋ ਕਿਸਾਨ ਵੱਡੀ ਗਿਣਤੀ ਚ ਮੋਰਚੇ ਚ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਓਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਜੋ ਘੋਲ ਲੜਿਆ ਗਿਆ ਸੀ ਤੇ ਕਈ ਪੰਜਾਬ ਦੇ ਦਰਦੀ ਕਹਿੰਦੇ ਸਨ ਕਿ ਇਹ ਗ਼ਲਤ ਸਟੈਂਡ ਲਿਆ ਗਿਆ ਹੈ ਤੇ ਇਹ ਹਿੰਸਕ ਅੰਦੋਲਨ ਕਰਨਗੇ ਪਰ ਜਥੇਬੰਦੀ ਵੱਲੋਂ ਪੂਰੇ ਸ਼ਾਂਤੀਪੂਰਨ ਤਰੀਕੇ ਨਾਲ ਇਹ ਘੋਲ ਲੜਿਆ ਗਿਆ ਸੀ ਤੇ ਜਿੱਤ ਵੀ ਹਾਸਲ ਕੀਤੀ ਹੈ। ਓਹਨਾਂ ਕਿਹਾ ਕਿ ਸਰਕਾਰਾਂ ਦੇ ਜਬਰ ਦਾ ਟਾਕਰਾ ਸਬਰ ਨਾਲ ਕਰਨਾ ਹੀ ਜਥੇਬੰਦੀ ਦੀ ਸਿਧਾਂਤਕ ਵਿਚਾਰਧਾਰਾ ਦਾ ਹਿੱਸਾ ਹੈ ਤੇ ਇਸੇ ਵਿਚਾਰਧਾਰਾ ਉੱਪਰ ਜਥੇਬੰਦੀ ਦਾ ਇਕ ਇਕ ਵਰਕਰ ਫੁੱਲ ਚੜ੍ਹਾਉਂਦਾ ਹੈ। ਇਸ ਮੌਕੇ ਜਥੇਬੰਦੀ ਦੇ ਨੌਜਵਾਨ ਸੂਬਾ ਕਮੇਟੀ ਮੈਂਬਰ ਐਡ: ਹਰਮਨਦੀਪ ਸਿੰਘ ਰਾਏਸਰ ਵੱਲੋਂ ਦੇਸ਼ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ ਨੂੰ ਲੈਕੇ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਆਪਣੇ ਹੱਕਾਂ ਲਈ ਲੜਨ ਖ਼ਾਤਰ ਸਾਨੂੰ ਇਹਨਾਂ ਵੋਟ ਵਟੋਰੂ ਪਾਰਟੀਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਕਿਓਂਕਿ ਇਹਨਾਂ ਨੇ ਪੰਜ ਪੰਜ ਸਾਲਾਂ ਤਕ ਵੋਟਾਂ ਜਨਤਾ ਦੇ ਹੱਕਾਂ ਖ਼ਾਤਰ ਮੰਗਣੀਆਂ ਹੁੰਦੀਆਂ ਹਨ ਪਰ ਬਾਅਦ ਚ ਇਹਨਾਂ ਦੁਆਰਾ ਜਨਤਾ ਨੂੰ ਵਿਸਾਰ ਦਿੱਤਾ ਜਾਂਦਾ ਹੈ ਤੇ ਕਾਰਪੋਰੇਟਾਂ ਦੇ ਗੁਲਾਮ ਬਣਕੇ ਓਹਨਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਜਨਤਾ ਨੂੰ ਬਲੀ ਦਾ ਬੱਕਰਾ ਬਣਾ ਲਿਆ ਜਾਂਦਾ ਹੈ। ਓਹਨਾਂ ਕਿਹਾ ਕਿ ਅਸੀਂ ਵੀ ਸਿਆਸਤ ਕਰਦੇ ਹਾਂ ਪਰ ਸਾਡੀ ਸਿਆਸਤ ਤੇ ਓਹਨਾਂ ਲੀਡਰਾਂ ਦੀ ਸਿਆਸਤ ਚ ਦਿਨ ਰਾਤ ਦਾ ਫਰਕ ਹੈ ਓਹ ਇਹ ਕਿ ਅਸੀਂ ਕਦੇ ਹੱਕਾਂ ਖ਼ਾਤਰ ਲੜਨ ਲਈ ਵੋਟਾਂ ਨਹੀਂ ਮੰਗੀਆਂ ਬਲਕਿ ਹੱਕਾਂ ਖ਼ਾਤਰ ਮੋਰਚੇ ਲਗਾਕੇ ਸਰਕਾਰਾਂ ਦੇ ਜਬਰ ਦਾ ਸਾਹਮਣਾ ਕੀਤਾ ਹੈ ਭਾਵੇਂ ਇਸ ਮੌਕੇ ਚੱਲ ਰਹੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਮੋਰਚਿਆਂ ਦੀ ਗੱਲ ਕਰੀਏ ਤਾਂ ਸਭਦੇ ਸਾਹਮਣੇ ਹੈ ਕਿ ਕਿਵੇਂ ਕਿਸਾਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਵਰਗਿਆਂ ਨੂੰ ਸ਼ਹੀਦ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਬੀਬੀ ਸੁਖਵਿੰਦਰ ਕੌਰ ਵੱਲੋਂ ਜਥੇਬੰਦੀ ਚ ਮਹਿਲਾਵਾਂ ਦੀਆਂ ਇਕਾਈਆਂ ਬਣਾਉਣ ਲਈ ਕਿਸਾਨਾਂ ਨੂੰ ਲਾਮਬੰਦ ਕੀਤਾ ਕਿਓਂਕਿ ਮਹਿਲਾਵਾਂ ਵੀ ਪੁਰਸ਼ਾਂ ਦੇ ਬਰਾਬਰ ਕੰਮ ਕਰਦੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਲਾਲ ਸਿੰਘ ਗੋਲੇਵਾਲਾ, ਜ਼ਿਲ੍ਹਾ ਪ੍ਰਧਾਨ ਮੋਗਾ ਲਾਭ ਸਿੰਘ ਰੋਡੇ, ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਸੂਰਜ ਭਾਨ ਤੋਂ ਇਲਾਵਾ ਹੋਰ ਵੀ ਕਈ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਰਹੇ।