ਪੰਜਾਬ ਤੋਂ ਜਿੱਤੇ ਮੈਂਬਰ ਪਾਰਲੀਮੈਂਟ ਵੀ ਮਾਤ ਭਾਸ਼ਾ ਦੇ ਹੱਕ ਵਿੱਚ ਖੜਨ
ਚੰਡੀਗੜ੍ਹ ,11 ਜੂਨ ,ਬੋਲੇ ਪੰਜਾਬ ਬਿਓਰੋ :- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ ) ਨੇ ਪਿਛਲੇ ਦਿਨੀਂ
ਪਾਕਿਸਤਾਨੀ ਪੰਜਾਬ ਅਸੈਂਬਲੀ ਵਿਚ ਪੰਜਾਬੀ ਸਮੇਤ 4 ਹੋਰ ਭਾਸ਼ਾਵਾਂ ਬੋਲਣ ਦੀ ਆਗਿਆ ਦੇਣ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਲਹਿੰਦੇ ਪੰਜਾਬ ਤੋਂ ਪੰਜਾਬੀ ਪ੍ਰਤੀ ਲਏ ਇਸ ਫੈਸਲੇ ਦੀ ਰੌਸ਼ਨੀ ਵਿੱਚ ਹਾਲ ਹੀ ਵਿਚ ਭਾਰਤੀ ਪਾਰਲੀਮਾਨੀ ਚੋਣਾਂ ਵਿੱਚ ਜਿੱਤੇ ਪੰਜਾਬ ਦੇ ਪਾਰਲੀਮੈਂਟ ਮੈਂਬਰਾਂ ਨੂੰ ਵੀ ਮਾਤ ਭਾਸ਼ਾ ਦੇ ਹੱਕ ਵਿੱਚ ਖੜਨਾ ਚਾਹੀਦਾ ਹੈ।
ਉਹਨਾਂ ਭਾਰਤ ਦੀ ਨਵੀਂ ਬਣੀ ਕੈਬਨਿਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੇ ਰਵਨੀਤ ਬਿੱਟੂ ਵਲੋਂ ਅੰਗਰੇਜ਼ੀ ਵਿੱਚ ਸਹੁੰ ਚੁੱਕਣ ਉਤੇ ਕਟਾਕਸ਼ ਕਰਦਿਆਂ ਕਿਹਾ ਕਿ ਜਿਸ ਭਾਸ਼ਾ ਵਿਚ ਇਹ ਰਾਜਨੀਤਕ ਆਗੂ ਆਪਣੇ ਲੱਛੇਦਾਰ ਭਾਸ਼ਣਾਂ ਵਿੱਚ ਲੋਕਾਂ ਕੋਲੋਂ ਵੋਟ ਅਤੇ ਹਮਾਇਤ ਮੰਗਦੇ ਹਨ ਉਸ ਭਾਸ਼ਾ ਤੋਂ ਇੰਝ ਮੂੰਹ ਮੋੜਨਾ ਦਿਆਨਤਦਾਰੀ ਨਹੀਂ ਹੈ। ਉਹਨਾਂ ਕਿਹਾ ਕਿ ਇਹਨਾਂ ਨਵੇਂ ਚੁਣੇ ਪਾਰਲੀਮੈਂਟ ਮੈਂਬਰਾਂ ਨੂੰ ਸਹੁੰ ਚੁੱਕਣ ਸਮੇਤ ਪਾਰਲੀਮੈਂਟ ਅੰਦਰ ਹਰ ਤਰ੍ਹਾਂ ਦਾ ਭਾਸ਼ਣ ਮਾਤ ਭਾਸ਼ਾ ਵਿਚ ਹੀ ਦੇਣਾ ਚਾਹੀਦਾ ਹੈ।
ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਮੂਲ ਚੰਦ ਸ਼ਰਮਾ, ਰਜਿੰਦਰ ਰਾਜਨ, ਮਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਜਿੱਤ ਕੇ ਗਏ ਇਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੰਜਾਬ ਅੰਦਰਲੇ ਸਿਹਤ ਸਿੱਖਿਆ ਅਤੇ ਰੁਜ਼ਗਾਰ ਦੇ ਮਸਲੇ ਇਕ ਜੁੱਟਤਾ ਨਾਲ ਉਠਾਉਣੇ ਚਾਹੀਦੇ ਹਨ।