ਨਵੀਂ ਦਿੱਲੀ, 11 ਜੂਨ, ਬੋਲੇ ਪੰਜਾਬ ਬਿਓਰੋ:
ਭਾਰਤੀ ਥਲ ਸੈਨਾ ਨੇ ‘ਅਗਨੀਪਥ’ ਯੋਜਨਾ ਦੀ ਸਮੀਖਿਆ ਕੀਤੀ ਹੈ ਤੇ ਇਸ ਨੂੰ ਸੁਧਾਰਨ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਹਨ। ਹੁਣ ਤਕ ਸਿਰਫ਼ 25 ਫ਼ੀਸਦੀ ਅਗਨੀਵੀਰਾਂ ਨੂੰ ਹੀ ਫ਼ੌਜ ਵਿਚ ਪੱਕੇ ਤੌਰ ’ਤੇ ਭਰਤੀ ਕਰਨ ਲਈ ਚੁਣਿਆ ਜਾ ਰਿਹਾ ਸੀ ਪਰ ਹੁਣ ਥਲ ਸੈਨਾ ਨੇ 60 ਤੋਂ 70 ਫ਼ੀ ਸਦੀ ਅਗਨੀਵੀਰਾਂ ਨੂੰ ਫ਼ੌਜ ’ਚ ਪੱਕੀ ਨੌਕਰੀ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਸਰਕਾਰ ਵਲੋਂ ਅਗਨੀਵੀਰ ਯੋਜਨਾ ਦੀ ਅਜਿਹੀ ਸਮੀਖਿਆ ਦੀ ਆਸ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸੀ ਕਿਉਂਕਿ ਇਸ ਯੋਜਨਾ ਨੂੰ ਲੈ ਕੇ ਦੇਸ਼ ’ਚ ਕਾਫ਼ੀ ਸਿਆਸਤ ਹੋਈ ਹੈ। ਵਿਰੋਧੀ ਧਿਰ ਨੇ ਇਸ ਯੋਜਨਾ ਵਿਚਲੀਆਂ ਕੁੱਝ ਖ਼ਾਮੀਆਂ ਦਾ ਸਦਾ ਹੀ ਤਿੱਖਾ ਵਿਰੋਧ ਕੀਤਾ ਹੈ।
ਦਰਅਸਲ, ਹਾਲੀਆ ਲੋਕ ਸਭਾ ਚੋਣਾਂ ਤੋਂ ਬਾਅਦ ਐਨਡੀਏ ’ਚ ਭਾਈਵਾਲ ਪਾਰਟੀਆਂ ਜਨਤਾ ਦਲ (ਯੂਨਾਈਟਿਡ) ਅਤੇ ਐਲਜੇਪੀ (ਰਾਮ ਵਿਲਾਸ) ਨੇ ਅਗਨੀਪਥ ਯੋਜਨਾ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਇਨ੍ਹਾਂ ਪਾਰਟੀਆਂ ਨੇ ਹੀ ਸਰਕਾਰ ਨੂੰ ਇਸ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਸੀ। ਭਾਰਤੀ ਥਲ ਸੈਨਾ ਨੇ ਹੁਣ ਸਮੀਖਿਆ ਕਰ ਲਈ ਹੈ। ਸਮੀਖਿਆ ਤੋਂ ਬਾਅਦ ਕੀਤੀਆਂ ਗਈਆਂ ਸਿਫ਼ਾਰਸ਼ਾਂ ’ਚ ਕਿਹਾ ਗਿਆ ਹੈ ਕਿ ਅਗਨੀਵੀਰਾਂ ਦੀ ਭਰਤੀ ਨਾਲ ਫ਼ੌਜ ਦਾ ਕੰਮ ਸੁਚਾਰੂ ਤਰੀਕੇ ਨਾਲ ਚਲੇਗਾ ਤੇ ਜਵਾਨਾਂ ਦੀ ਕਾਰਜਕੁਸ਼ਲਤਾ ’ਚ ਵੀ ਜ਼ਰੂਰ ਵਾਧਾ ਹੋਵੇਗਾ।