ਲਖਨਊ, 10 ਜੂਨ, ਬੋਲੇ ਪੰਜਾਬ ਬਿਓਰੋ:
ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਸੋਮਵਾਰ ਨੂੰ ਇਕ ਭਿਆਨਕ ਹਾਦਸਾ ਵਾਪਰਿਆ।ਅਯੁੱਧਿਆ ਤੋਂ ਆ ਰਹੀ ਬੱਸ ਐਕਸਪ੍ਰੈਸ ਵੇਅ ‘ਤੇ ਬਰੇਸਰ ਥਾਣਾ ਖੇਤਰ ਦੇ ਮੁਸੇਪੁਰ ਪਿੰਡ ਨੇੜੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਬੱਸ ‘ਚ ਸਵਾਰ 25 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਹੁਣ ਤੱਕ ਚਾਰ ਦੀ ਮੌਤ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਹੋ ਚੁੱਕੀ ਹੈ। ਜ਼ਖਮੀਆਂ ਨੂੰ ਮਊ ਅਤੇ ਗਾਜ਼ੀਪੁਰ ਦੇ ਜ਼ਿਲਾ ਹਸਪਤਾਲਾਂ ‘ਚ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮੱਚ ਗਈ। ਆਸ-ਪਾਸ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਪੁਲੀਸ ਟੀਮ ਦੀ ਮਦਦ ਨਾਲ ਵਾਹਨਾਂ ਨੂੰ ਹਾਈਵੇਅ ਤੋਂ ਹਟਾਇਆ ਗਿਆ। ਨਾਲ ਹੀ ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਬੱਸ ਵਿੱਚ ਵੱਖ-ਵੱਖ ਇਲਾਕਿਆਂ ਦੇ 25 ਲੋਕ ਸਵਾਰ ਸਨ, ਜੋ ਅਯੁੱਧਿਆ ਤੋਂ ਵਾਪਸ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਬੱਸ ਬਿਹਾਰ ਦੇ ਵਿਕਰਮਗੰਜ ਜਾ ਰਹੀ ਸੀ। ਸਵੇਰੇ ਪੰਜ ਵਜੇ ਇਹ ਬਰੇਸਰ ਥਾਣਾ ਖੇਤਰ ਦੇ ਪਿੰਡ ਮੂਸੇਪੁਰ ਨੇੜੇ ਪੂਰਵਾਂਚਲ ਐਕਸਪ੍ਰੈਸ ਵੇਅ ਖੜ੍ਹੇ ਟਰੱਕ ‘ਚ ਜਾ ਵੱਜੀ। ਮੰਨਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਕਾਰਨ ਦੀ ਜਾਂਚ ਕਰ ਰਹੀ ਹੈ।