ਚੰਡੀਗੜ੍ਹ, 10 ਜੂਨ ,ਬੋਲੇ ਪੰਜਾਬ ਬਿਓਰੋ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਫਿਲਮੀ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਅਤੇ ਸੀ.ਆਈ.ਐਸ.ਐਫ. ਦੀ ਜਵਾਨ ਕੁਲਵਿੰਦਰ ਕੌਰ ਵਿਚਕਾਰ ਪੈਦਾ ਹੋਏ ਵਿਵਾਦ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਤਾ ਨਹੀ ਕੰਗਣਾ ਰਣੌਤ ਸ਼ੁਰੂ ਤੋਂ ਹੀ ਮੀਡੀਆ ਦੀਆਂ ਸੁਰਖੀਆਂ ’ਚ ਰਹਿਣ ਜਾਂ ਫਿਰ ਕਿਸੇ ਸਿਆਸੀ ਆਗੂ ਦੀ ਸ਼ੇਹ ‘ਤੇ ਬੇਤੁਕੇ ਬਿਆਨ ਦਿੰਦੀ ਆ ਰਹੀ ਹੈ।
ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ ਵੀ ਜਿੱਥੇ ਕੰਗਨਾ ਰਣੌਤ ਨੇ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਖ਼ਿਲਾਫ਼ ਵੀ ਕਈ ਵਿਵਾਦਤ ਬਿਆਨ ਦੇ ਕੇ ਸ਼ੌਹਰਤ ਖੱਟਣ ਦੀ ਕੋਸ਼ਿਸ਼ ਕੀਤੀ। ਉਥੇ ਹੀ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਿਹਾੜੀਦਾਰ ਕਹਿਣ ਤੋਂ ਵੀ ਗੁਰੇਜ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਦੀ ਹੁਣ ਨਾਪ ਤੋਲ ਕੇ ਬੋਲਣਾ ਚਾਹੀਦਾ ਹੈ।