ਤਰਨਤਾਰਨ, 10 ਜੂਨ, ਬੋਲੇ ਪੰਜਾਬ ਬਿਓਰੋ:
ਪਿਛਲੇ ਕਈ ਦਿਨਾਂ ਤੋਂ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਸੁਰਖੀਆਂ ‘ਚ ਬਣੀ ਹੋਈ ਹੈ ਕਿਉਂਕਿ ਇਸ ਜੇਲ ‘ਚੋਂ ਰੋਜ਼ਾਨਾ ਹੀ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਚੈਕਿੰਗ ਦੌਰਾਨ ਉਕਤ ਜੇਲ ‘ਚੋਂ 5 ਦੋਸ਼ੀਆਂ ਕੋਲੋਂ ਦੁਬਾਰਾ ਮੋਬਾਇਲ ਫੋਨ ਅਤੇ ਹੋਰ ਸਾਮਾਨ ਬਰਾਮਦ ਹੋਇਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਅਮਲੇ ਨੇ ਆਮ ਵਾਂਗ ਵੱਖ-ਵੱਖ ਬੈਰਕਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਕਾਬੂ ਕੀਤੇ ਆਕਾਸ਼ਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕੰਡਿਆਲਾ, ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਅਲਾਦੀਨਪੁਰ, ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਪੁੱਤਰ ਹੀਰਾ ਸਿੰਘ ਵਾਸੀ ਸੰਘਾ, ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੰਡਾਲਾ, ਜਗਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਵਨਚਾਰੀ ਕੋਲੋਂ 5 ਮੋਬਾਈਲ, 2 ਕੇਬਲ, 2 ਚਾਰਜਰ ਬਰਾਮਦ ਕੀਤੇ।
ਇਸ ਬਰਾਮਦਗੀ ਦੀ ਸੂਚਨਾ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਦਿੱਤੀ ਗਈ। ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਕੇਸ ਦਰਜ ਕਰ ਲਿਆ ਹੈ। ਵਰਨਣਯੋਗ ਹੈ ਕਿ ਇਹ ਪੰਜੇ ਦੋਸ਼ੀ ਵੱਖ-ਵੱਖ ਜੁਰਮਾਂ ਵਿਚ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਬੀਤੀ ਅਪਰੈਲ ਵਿੱਚ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਨਾਂ ਦਾ ਗੈਂਗਸਟਰ ਆਪਣੇ ਸਾਥੀਆਂ ਦੀ ਮਦਦ ਨਾਲ ਫਰਾਰ ਹੋ ਗਿਆ ਸੀ। ਰਾਜੂ ਸ਼ੂਟਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਫਿਰ ਇਹ ਦੋਸ਼ੀ ਆਪਣੇ ਸਾਥੀਆਂ ਦੀ ਮਦਦ ਨਾਲ ਫਿਲਮੀ ਅੰਦਾਜ਼ ‘ਚ ਫਰਾਰ ਹੋ ਗਿਆ ਪਰ ਜਲਦ ਹੀ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।