ਪੰਜਾਬ ਦੀ ਧੀ ਕੁਲਵਿੰਦਰ ਕੌਰ ਦੇ ਨਾਲ ਜੇ ਬੇਇਨਸਾਫੀ ਹੋਈ ਤੇ ਉਸਦੇ ਸਿੱਟੇ ਚੰਗੇ ਨਹੀਂ ਹੋਣਗੇ, ਪ੍ਰਸ਼ਾਸਨ ਸੱਤਾਧਾਰੀ ਪਾਰਟੀ ਦੇ ਦਬਾਵ ਹੇਠ ਨਾ ਆਵੇ, ਪੂਰੀ ਇਮਾਨਦਾਰੀ ਨਾਲ ਇਸ ਘਟਨਾ ਕਰਮ ਦੀ ਜਾਂਚ ਕਰੇ
ਹਜ਼ਾਰਾਂ ਦੀ ਸੰਖਿਆ ਵਿੱਚ ਕਿਸਾਨਾਂ ਨੇ CISF ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿੱਚ ਗੱਡੀ “ਇਨਸਾਫ ਮਾਰਚ”
ਚੰਡੀਗੜ੍ਹ ਏਅਰਪੋਰਟ ਤੇ ਵਾਪਰੇ ਪੂਰੇ ਘਟਨਾ ਕਰਮ ਦੀ ਨਿਰਪੱਖ ਜਾਂਚ ਨੂੰ ਲੈ ਕੇ ਕਿਸਾਨਾਂ ਨੇ ਐਸਐਸਪੀ ਮੋਹਾਲੀ ਨੂੰ ਦਿੱਤਾ ਮੰਗ ਪੱਤਰ
ਕੰਗਨਾ ਦੀ ਟੀਮ ਵਿੱਚ ਇੱਕ ਸ਼ਖਸ ਵੱਲੋਂ ਇੱਕ ਮਹਿਲਾ ਦੇ ਨਾਲ ਕੁੱਟਮਾਰ ਦੇ ਵੀਡੀਓ ਨੂੰ ਲੈ ਕੇ ਵੀ ਕਿਸਾਨਾਂ ਵਿੱਚ ਰੋਸ, ਕਿਹਾ ਇਸ ਤੇ ਵੀ ਮੁਕਦਮਾ ਹੋਵੇ ਦਰਜ
ਮੋਹਾਲੀ,ਬੋਲੇ ਪੰਜਾਬ ਬਿਓਰੋ: ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ ਅੱਜ ਪੰਜਾਬ ਦੀ ਧੀ CISF ਕਾਂਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿੱਚ ਇੱਕ ਵਿਸ਼ਾਲ “ਇਨਸਾਫ ਮਾਰਚ” ਦਾ ਆਯੋਜਨ ਕੀਤਾ, ਜਿਸ ਵਿੱਚ ਵੱਡੀ ਸੰਖਿਆ ਵਿੱਚ ਪੰਜਾਬ, ਹਰਿਆਣਾ, ਯੂਪੀ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਸ਼ਿਰਕਤ ਕੀਤੀ। ਇਹ ਇਨਸਾਫ ਮਾਰਚ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਐਸਐਸਪੀ ਮੁਹਾਲੀ ਦੇ ਦਫਤਰ ਤੱਕ ਗਿਆ। ਜਿੱਥੇ ਕਿਸਾਨ ਆਗੂਆਂ ਨੇ ਐਸਐਸਪੀ ਮੁਹਾਲੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਉਹਨਾਂ ਇਸ ਪੂਰੇ ਘਟਨਾਕ੍ਰਮ ਦੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਜਾਂਚ ਦੀ ਮੰਗ ਕੀਤੀ। ਇਸ ਮੌਕੇ ਤੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ, ਅਮਰਜੀਤ ਸਿੰਘ ਮੋਹੜੀ ਤੇ ਤੇਜਵੀਰ ਸਿੰਘ ਹੁਣਾਂ ਨੇ ਜਾਣਕਾਰੀ ਦਿਤੀ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਰਨੌਤ ਉੱਪਰ ਸਮਾਜ ਵਿੱਚ ਅਸ਼ਾਂਤੀ ਅਤੇ ਸਮਾਜ ਵਿੱਚ ਜ਼ਹਿਰ ਫੈਲਾਉਣ ਵਰਗੇ ਸੰਗੀਨ ਇਲਜ਼ਾਮ ਹਨ। ਉਹਨਾਂ ਦੱਸਿਆ ਕਿ ਕੰਗਨਾ ਰਨੌਤ ਤੇ 8 ਅਪਰਾਧਿਕ ਮਾਮਲੇ ਚੱਲ ਰਹੇ ਹਨ।
ਕਿਸਾਨ ਆਗੂਆਂ ਨੇ ਕਾਨਸਟੇਬਲ ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿਹਾ ਕਿ ਕੁਲਵਿੰਦਰ ਕੌਰ ਅਤੇ ਉਸ ਦਾ ਘਰਵਾਲਾ ਦੋਨੋਂ ਹੀ ਬੜੀ ਇਮਾਨਦਾਰੀ ਨਾਲ CISF ਵਿੱਚ ਨੌਕਰੀ ਕਰ ਰਹੇ ਹਨ ਅਤੇ ਉਹਨਾਂ ਦੀ ਸਰਵਿਸ ਵਿੱਚ ਕਦੀ ਵੀ ਉਨਾਂ ਦੇ ਉੱਪਰ ਇਹੋ ਜਿਹੇ ਕੋਈ ਇਲਜ਼ਾਮ ਨਹੀਂ ਲੱਗੇ ਜਦ ਕਿ ਭਾਜਪਾ ਆਗੂ ਕੰਗਨਾ ਰਨੌਤ ਇੱਕ ਹਿਸਟਰੀ ਸ਼ੀਟਰ ਹੈ ਅਤੇ ਉਸ ਦੇ ਉੱਤੇ ਭੜਕਾਊ ਭਾਸ਼ਣ ਦੇਣ ਸਮਾਜ ਵਿੱਚ ਅਸ਼ਾਂਤੀ ਫੈਲਾਉਣ ਦੇ ਗੰਭੀਰ ਮੁਕਦਮੇ ਦਰਜ ਹਨ। ਉਸ ਵਿਰੁੱਧ ਪਹਿਲਾਂ ਹੀ ਆਈਪੀਸੀ ਦੀਆਂ ਧਾਰਾਵਾਂ 153ਏ, 153ਬੀ, 298, 504, 505-1, 505ਏ, 505ਬੀ, 505-2, 195ਏ, 506 ਦੇ ਤਹਿਤ 8 ਅਪਰਾਧਿਕ ਦੋਸ਼ ਹਨ। ਕੁਝ ਕੇਸ ਹੇਠ ਲਿਖੇ ਅਨੁਸਾਰ ਹਨ:
- ਜਾਵੇਦ ਅਖਤਰ ਵੱਲੋਂ ਅੰਧੇਰੀ, ਮੁੰਬਈ ਵਿੱਚ ਮਾਣਹਾਨੀ ਦਾ ਕੇਸ
- ਬਾਂਦਰਾ ਪੁਲਿਸ ਸਟੇਸ਼ਨ, ਮੁੰਬਈ ਵਿਖੇ ਕਹਾਣੀ ਚੋਰੀ ਕਰਨ ਲਈ ਕਾਪੀਰਾਈਟ ਦੀ ਉਲੰਘਣਾ।
- ਮਹਿੰਦਰ ਕੌਰ ਵੱਲੋਂ 2021 ਵਿੱਚ ਮੈਜਿਸਟ੍ਰੇਟ ਅਦਾਲਤ, ਬਠਿੰਡਾ ਅੱਗੇ ਦਾਇਰ ਮਾਣਹਾਨੀ ਦਾ ਕੇਸ।
ਊਨਾ ਕਿਹਾ ਕਿ 2021 ਵਿੱਚ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਰਣੌਤ ਖ਼ਿਲਾਫ਼ ਸਿੱਖਾਂ ਖ਼ਿਲਾਫ਼ ਨਫ਼ਰਤ ਭਰੀ ਟਿੱਪਣੀ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਸੀ। ਸ਼੍ਰੀਮਤੀ ਕੰਗਨਾ ਨੇ ਪਿਛਲੇ ਦਿਨੀਂ ਕਿਸਾਨਾਂ, ਸਿੱਖਾਂ ਅਤੇ ਪੰਜਾਬੀਆਂ ਖਿਲਾਫ ਕੁਝ ਵਿਵਾਦਿਤ ਬਿਆਨ ਦਿੱਤੇ ਹਨ। ਦੂਜੇ ਪਾਸੇ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦਾ ਸੀਆਈਐਸਐਫ ਵਿੱਚ ਸਾਲਾਂ ਦਾ ਵਧੀਆ ਸਰਵਿਸ ਰਿਕਾਰਡ ਹੈ। ਕੁਲਵਿੰਦਰ ਕੌਰ ਦੇ ਪਰਿਵਾਰ ਅਨੁਸਾਰ ਉਸ ਵਿਰੁੱਧ ਕੋਈ ਵੀ ਸ਼ਿਕਾਇਤ ਜਾਂ ਵਿਭਾਗੀ ਕਾਰਵਾਈ ਨਹੀਂ ਹੋਈ। ਕਾਂਸਟੇਬਲ ਕੁਲਵਿੰਦਰ ਕੌਰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾ ਰਹੀ ਹੈ ਅਤੇ ਆਪਣੀ ਸੇਵਾ ਦੇ ਸਾਲਾਂ ਦੌਰਾਨ ਕਿਸੇ ਵੀ ਯਾਤਰੀ ਨਾਲ ਦੁਰਵਿਵਹਾਰ ਨਹੀਂ ਕੀਤਾ। ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਕਾਂਸਟੇਬਲ ਨੇ ਉਸ ਦੇ ਤਰੀਕੇ ਨਾਲ ਕੀ ਪ੍ਰਤੀਕਿਰਿਆ ਦਿੱਤੀ।
ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਕੰਗਨਾ ਰਣੌਤ ਦੇ ਨਾਲ ਪਹਾੜੀ ਟੋਪੀ ਪਹਿਨੇ ਇੱਕ ਸੱਜਣ ਕਾਲੇ ਰੰਗ ਦੀ ਡਰੈੱਸ ਵਿੱਚ ਇੱਕ ਔਰਤ ਨੂੰ ਮਾਰਦੇ ਹੋਏ ਨਜ਼ਰ ਆ ਰਹੇ ਹਨ। ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਉਸ ਸੱਜਣ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕੀ ਇਹ ਮੰਨਿਆ ਜਾਵੇ ਕਿ ਮੈਂਬਰ ਪਾਰਲੀਮੈਂਟ ਦੀ ਟੀਮ ਵਿੱਚ ਹੋਣ ਨਾਲ ਇੱਕ ਵਿਅਕਤੀ ਨੂੰ ਇੱਕ ਔਰਤ ਨੂੰ ਕੁੱਟਣ ਅਤੇ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਖੁੱਲ੍ਹੇਆਮ ਘੁੰਮਣ ਦੀ ਇਜਾਜ਼ਤ ਮਿਲਦੀ ਹੈ, ਉਹ ਵੀ ਦਿਨ-ਦਿਹਾੜੇ?
ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਸ਼੍ਰੀਮਤੀ ਕੰਗਨਾ ਰਣੌਤ ਇਸ ਪੂਰੇ ਘਟਨਾਕ੍ਰਮ ਲਈ ਜਿੰਮੇਵਾਰ ਹੈ ਅਤੇ ਉਸਨੇ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਉਸਨੂੰ ਮਾਰਨ ਲਈ ਉਕਸਾਇਆ ਹੋਵੇਗਾ। ਊਨਾ ਕਿਹਾ ਕਿ ਕਿਉਂਕਿ ਇਸ ਕੇਸ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਤੋਂ ਇੱਕ ਮਸ਼ਹੂਰ ਮੈਂਬਰ ਪਾਰਲੀਮੈਂਟ ਸ਼ਾਮਲ ਹੈ, ਇਸ ਲਈ ਸਿਆਸੀ ਦਬਾਅ ਤੋਂ ਪ੍ਰਭਾਵਿਤ ਹੋਏ ਬਿਨਾਂ ਨਿਰਪੱਖ ਜਾਂਚ ਹੋਣੀ ਜ਼ਰੂਰੀ ਹੈ ਤਾਂ ਜੋ ਇਨਸਾਫ਼ ਦਿੱਤਾ ਜਾ ਸਕੇ।
ਸ਼੍ਰੀਮਤੀ ਕੰਗਨਾ ਨੇ ਦਿੱਲੀ ਪਹੁੰਚ ਕੇ ਜਾਰੀ ਕੀਤੀ ਵੀਡੀਓ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਅੱਤਵਾਦ ਅਤੇ ਉਗਰਵਾਦ ਦਾ ਵਾਧਾ ਹੋ ਰਿਹਾ ਹੈ, ਤੇ ਬੋਲਦੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਅੱਤਵਾਦ ਦੀ ਕੋਈ ਵੀ ਘਟਨਾ ਸਾਹਮਣੇ ਨਹੀਂ ਆਈ ਹੈ, ਇਹ ਪੰਜਾਬ ਨੂੰ ਬਦਨਾਮ ਕਰਨ ਦੇ ਨਾਪਾਕ ਇਰਾਦੇ ਨਾਲ ਜਾਰੀ ਕੀਤਾ ਬਿਆਨ ਹੈ|
ਉਸ ਦਿਨ ਪਹਾੜੀ ਟੋਪੀ ਵਿੱਚ ਔਰਤ ਨੂੰ ਕੁੱਟਦੇ ਹੋਏ ਦਿਖਾਈ ਦੇਣ ਵਾਲੇ ਸੱਜਣ ਦੇ ਖਿਲਾਫ ਅਤੇ ਸ਼੍ਰੀਮਤੀ ਕੰਗਨਾ ਰਣੌਤ ਦੇ ਖਿਲਾਫ ਨਫਰਤ ਫੈਲਾਉਣ ਅਤੇ ਫਿਰਕੂ ਅਸ਼ਾਂਤੀ ਫੈਲਾਉਣ ਅਤੇ ਪੰਜਾਬ ਨੂੰ ਬਦਨਾਮ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ, ਖਾਲਿਸਤਾਨੀ ਕਹਿਣ ਲਈ ਐਫਆਈਆਰ ਦਰਜ ਕਰਨ ਦੀ ਭੀ ਮੰਗ ਕੀਤੀ ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਬਲਵੰਤ ਸਿੰਘ ਬਹਿਰਾਮਕੇ, ਸ਼ੇਰ ਸਿੰਘ ਮਹੀਵਾਲ,ਸੁਖਜੀਤ ਸਿੰਘ ਹਰਦੋਝੰਡੇ,ਮਨਜੀਤ ਸਿੰਘ ਰਾਏ, ਗੁਰਿੰਦਰ ਸਿੰਘ ਭੰਗੂ,ਅਮਰਜੀਤ ਸਿੰਘ ਮੋਹੜੀ, ਸੁਖਜਿੰਦਰ ਸਿੰਘ ਖੋਸਾ, ਦਿਲਬਾਗ ਸਿੰਘ ਗਿੱਲ, ਸੁਖਦੇਵ ਸਿੰਘ ਭੋਜਰਾਜ, ਜਸਵਿੰਦਰ ਸਿੰਘ ਲੋਂਗੋਵਾਲ,ਰਘਵੀਥ ਸਿੰਘ ਭੰਗਾਲਾ,ਜੰਗ ਸਿੰਘ ਭਤੇਹੜੀ, ਸੁਰਜੀਤ ਸਿੰਘ ਫੂਲ,ਉਕਾਰ ਸਿੰਘ ਭੰਗਾਲਾ, ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਹਿਰੂ, ਸੰਦੀਪ ਸਿੰਘ ਰਾਜਸਥਾਨ, ਅਸੋਕ ਬੁਲਾਰਾ, ਆਦਿ ਕਿਸਾਨ ਆਗੂ ਤੇ ਵਰਕਰ ਹਜ਼ਾਰਾਂ ਦੀ ਗਿਣਤੀ ਵਿਚ ਹਾਜਰ ਸਨ |