ਜਲੰਧਰ, 9 ਜੂਨ, ਬੋਲੇ ਪੰਜਾਬ ਬਿਓਰੋ:
ਸ਼ਹਿਰ ਵਿਚ ਗੈਂਗਸਟਰਾਂ, ਲੁਟੇਰਿਆਂ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਥਾਣਾ ਮਕਸੂਦਾਂ ਜਲੰਧਰ ਦਿਹਾਤੀ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਰਾਹਗੀਰਾਂ ਤੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਇਨ੍ਹਾਂ ਕੋਲੋਂ 3 ਦਾਤਰ, 5 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਗਿਰੋਹ ਮੁੱਖ ਜੀ.ਟੀ. ਰੋਡ ਜਲੰਧਰ ਪਠਾਨਕੋਟ ‘ਤੇ ਪੈਦਲ ਜਾਂਦੇ ਰਾਹਗੀਰਾਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜਲੰਧਰ-ਪਠਾਨਕੋਟ ਰੋਡ ‘ਤੇ ਵਾਪਰ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸੜਕ ‘ਤੇ ਗਸ਼ਤ ਅਤੇ ਨਾਕਾਬੰਦੀ ਦੀ ਡਿਊਟੀ ਸਖ਼ਤ ਕਰ ਦਿੱਤੀ ਗਈ।ਇਸ ਕਾਰਨ 7 ਜੂਨ ਨੂੰ ਥਾਣਾ ਸਦਰ ਦੇ ਮੁੱਖ ਅਫਸਰ ਨੇ ਵੱਖ-ਵੱਖ ਪੁਲਸ ਪਾਰਟੀਆਂ ਬਣਾ ਕੇ ਜਲੰਧਰ-ਪਠਾਨਕੋਟ ਰੋਡ ਤੇ ਸਥਾਨਕ ਥਾਣੇ ਭੇਜ ਦਿੱਤਾ। ਸ਼ਿਕਾਇਤਕਰਤਾ ਰਾਜਵੰਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਬਾਬੂ ਲਾਭ ਸਿੰਘ ਨਗਰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਦੇ ਬਿਆਨਾਂ ‘ਤੇ ਦਰਜ ਕੀਤੇ ਗਏ ਮਾਮਲੇ ਦੀ ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ।
ਇਨ੍ਹਾਂ ਦੀ ਪਛਾਣ ਗੁਰਵਿੰਦਰ ਕੁਮਾਰ ਉਰਫ ਹੈਦੀ ਪੁੱਤਰ ਅਸ਼ੋਕ ਕੁਮਾਰ, ਸਾਹਿਲ ਪੁੱਤਰ ਰਾਕੇਸ਼ ਕੁਮਾਰ ਵਾਸੀ ਸਟੇਸ਼ਨ ਰੋਡ ਲੋਹੀਆ ਜਲੰਧਰ ਅਤੇ ਅਨਮੋਲਪ੍ਰੀਤ ਉਰਫ ਪ੍ਰੀਤ ਪੁੱਤਰ ਮਿਲਖਾ ਸਿੰਘ ਵਾਸੀ ਸੈਦਾ ਮੁਹੱਲਾ ਨੇੜੇ ਬੱਸ ਸਟੈਂਡ ਸੁਲਤਾਨਪੁਰ ਲੋਧੀ, ਕਪੂਰਥਲਾ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ 2 ਦਾਤਰ, 4 ਮੋਬਾਈਲ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਰਾਏਪੁਰ, ਰਸੂਲਪੁਰ, ਕਾਹਨਪੁਰ ਵਿਖੇ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਤੋਂ ਸੂਚਨਾ ਮਿਲੀ, ਜਿਸ ਦੇ ਆਧਾਰ ‘ਤੇ ਵਿੰਦਰ ਸਿੰਘ, ਸਤਨਾਮ ਸਿੰਘ ਪੁੱਤਰ ਕਸ਼ਮੀਰਾ ਸਿੰਘ ਵਾਸੀ ਊਧੋਵਾਲ ਥਾਣਾ ਮਹਿਤਪੁਰ, ਜਲੰਧਰ ਨੂੰ ਕਾਬੂ ਕੀਤਾ ਗਿਆ। ਇਹ ਦੋਵੇਂ ਮੁਲਜ਼ਮ ਸਕੇ ਭਰਾ ਹਨ ਅਤੇ ਲੁੱਟ-ਖੋਹ ਕਰਨ ਦੇ ਆਦੀ ਹਨ। ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦਾਤਰ, ਇੱਕ ਮੋਬਾਈਲ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਪਰੋਕਤ ਸਾਰੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।