ਚੰਡੀਗੜ੍ਹ, 9 ਜੂਨ, ਬੋਲੇ ਪੰਜਾਬ ਬਿਓਰੋ:
ਪੰਜਾਬ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਵੱਡਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਹੁਣ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਾ ਹੋਵੇਗਾ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣ ਸਕਣ। ਇਸ ਸਬੰਧੀ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।
ਡੀ.ਜੀ.ਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ “ਸਾਰੇ ਰੇਂਜ ਦੇ ਏਡੀਜੀਪੀ/ਆਈਜੀਪੀ/ਡੀਆਈਜੀ, ਪੁਲਿਸ ਕਮਿਸ਼ਨਰ, ਜਿਲ੍ਹੇ ਦੇ ਐਸਐਸਪੀ, ਸਬ ਡਵੀਜ਼ਨਲ ਡੀਐਸਪੀ ਅਤੇ ਐਸਐਚਓ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਆਮ ਜਨਤਾ ਦੇ ਮਿਲਣ ਲਈ ਉਪਲਬਧ ਰਹਿਣ। ਪੁਲਿਸ ਦਾ ਸਭ ਤੋਂ ਵੱਡਾ ਫਰਜ਼ ਨਾਗਰਿਕਾਂ ਲਈ ਉਪਲਬਧ ਹੋਣਾ ਹੈ।
ਪੁਲਿਸ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਸਪੈਸ਼ਲ ਡੀਜੀਪੀ/ਐਡੀਸ਼ਨਲ ਡੀਜੀਪੀ ਦੇ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਨਾਗਰਿਕਾਂ ਨੂੰ ਮਿਲਣ ਅਤੇ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਉਪਲਬਧ ਹੋਣ ਲਈ ਦਿਨ ਨਿਰਧਾਰਿਤ ਕੀਤੇ ਗਏ ਹਨ। “ਸਿਟੀਜ਼ਨ ਆਊਟਰੀਚ ਲੋਕ-ਕੇਂਦ੍ਰਿਤ ਪੁਲਿਸਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ @PunjabPoliceInd ਸੂਬੇ ਵਿੱਚ ਮਜ਼ਬੂਤ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਯਤਨਸ਼ੀਲ ਰਹੇਗੀ।”