ਕੀ ਨਹਿਰੀ ਪਾਣੀ ਬਾਰੇ ਜਾਣਕਾਰੀ ਹਾਸਲ ਕਰਨ ਬਾਰੇ ਮੁੱਖ ਮੰਤਰੀ ਵਲੋਂ ਜਾਰੀ ਫੋਨ ਨੰਬਰ ਇਕ ਝਾਂਸਾ ਹੈ – ਸੁਖਦਰਸ਼ਨ ਨੱਤ

ਚੰਡੀਗੜ੍ਹ ਪੰਜਾਬ

ਝੋਨੇ ਦੇ ਸੀਜ਼ਨ ਲਈ ਨਹਿਰੀ ਪਾਣੀ 11 ਜੂਨ ਤੋਂ ਹੀ ਕਿਉਂ? ਇਹ ਪਾਣੀ ਆਮ ਰੁਟੀਨ ਮੁਤਾਬਿਕ ਕਿਉਂ ਨਹੀਂ?

ਮਾਨਸਾ, 8 ਜੂਨ ,ਬੋਲੇ ਪੰਜਾਬ ਬਿਓਰੋ:
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਹਿਰੀ ਪਾਣੀ ਦੀ ਸਥਿਤੀ ਤੇ ਸਪਲਾਈ ਬਾਰੇ ਆਮ ਜਨਤਾ ਖਾਸਕਰ ਕਿਸਾਨਾਂ ਦੇ ਜਾਣਕਾਰੀ ਲੈਣ ਹਿੱਤ ਕੱਲ ਜਾਰੀ ਕੀਤਾ ਗਿਆ ਮੋਬਾਇਲ ਨੰਬਰ 9646151466 ਸਿਰਫ ਇਕ ਝਾਂਸਾ ਹੈ, ਕਿਉਂਕਿ ਇਸ ਨੰਬਰ ‘ਤੇ ਅੱਜ ਵੱਖ ਵੱਖ ਸਮੇਂ ਮੈਂ ਖੁਦ ਨੌਂ ਵਾਰ ਕਾਲ ਕੀਤੀ ਅਤੇ ਵਟਸ ਅਪ ਮੈਸਿਜ ਵੀ ਕੀਤਾ, ਪਰ ਰਿੰਗ ਜਾਣ ਦੇ ਬਾਵਜੂਦ ਨਾ ਕਿਸੇ ਨੇ ਇਹ ਫੋਨ ਅਟੈਂਡ ਕੀਤਾ ਤੇ ਨਾ ਹੀ ਮੈਸਿਜ ਦਾ ਕੋਈ ਜੁਆਬ ਮਿਲਿਆ।ਇਹ ਗੱਲ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿਚ ਕਹੀ ਗਈ ਹੈ। ਉਨਾਂ ਕਿਹਾ ਕਿ ਅਜਿਹੇ ਡਰਾਮੇ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਪਹਿਲਾਂ ਹੀ ਭਾਰੀ ਨੁਕਸਾਨ ਕਰ ਚੁੱਕੇ ਹਨ, ਜਿਸ ਕਰਕੇ ਮੁੱਖ ਮੰਤਰੀ ਜੀ ਨੂੰ ਹਵਾਈ ਬਿਆਨਾਂ ਤੇ ਐਲਾਨਾਂ ਦੀ ਬਜਾਏ, ਠੋਸ ਤੇ ਅਮਲੀ ਕਾਰਵਾਈ ਹੀ ਕਰਨੀ ਚਾਹੀਦੀ ਹੈ।
ਕਾਮਰੇਡ ਨੱਤ ਦਾ ਕਹਿਣਾ ਹੈ ਕਿ ਉਹ ਜਾਣਨਾ ਚਾਹੁੰਦੇ ਸਨ ਕਿ ਅਤ ਗਰਮੀ ਦੇ ਇਸ ਮੌਸਮ ਵਿਚ ਪਿਛਲੇ 9 ਦਿਨ ਤੋਂ ਬੰਦ ਪਏ ਮੂਸਾ ਰਜਵਾਹਾ ਵਿਚ ਪਾਣੀ ਕਦੋਂ ਆਵੇਗਾ, ਕਿਉਂਕਿ ਅਪਣੇ ਹਰੇ ਚਾਰੇ, ਸਬਜ਼ੀਆਂ ਤੇ ਫ਼ਲਦਾਰ ਬੂਟਿਆਂ ਨੂੰ ਸੁਕਣੋ ਬਚਾਉਣ ਲਈ ਕਿਸਾਨ ਬਿਜਲੀ ਜਾਂ ਡੀਜ਼ਲ ਫੂਕਣ ਲਈ ਮਜਬੂਰ ਹਨ। ਪਰ ਇਸ ਸੁਆਲ ਦਾ ਜੁਆਬ ਨਾ ਮੁੱਖ ਮੰਤਰੀ ਵਲੋਂ ਜਾਰੀ ਮੋਬਾਇਲ ਨੰਬਰ ਤੋਂ ਮਿਲਿਆ ਤੇ ਨਾ ਕਾਰਜਕਾਰੀ ਇੰਜੀਨੀਅਰ ਜਲ ਸਰੋਤ ਵਿਭਾਗ ਜਵਾਹਰਕੇ ਨੂੰ ਸੰਪਰਕ ਕਰਨ ‘ਤੇ। ਪਹਿਲਾਂ ਤਾਂ ਕਈ ਵਾਰ ਕਾਲ ਕਰਨ ‘ਤੇ ਐਕਸੀਅਨ ਨੇ ਫੋਨ ਅਟੈਂਡ ਹੀ ਨਹੀਂ ਕੀਤਾ, ਜੇਕਰ ਇਕ ਵਾਰ ਕੀਤਾ ਤਾਂ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਉਹ ਕਿਸੇ ਮੀਟਿੰਗ ਵਿਚ ਹਨ, ਫੇਰ ਗੱਲ ਕਰਨਾ।
ਬਿਆਨ ਵਿਚ ਇਹ ਵੀ ਸੁਆਲ ਉਠਾਇਆ ਹੈ ਕਿ ਮੁੱਖ ਮੰਤਰੀ ਵਲੋਂ ਇਹ ਕਹਿਣ ਦਾ ਕੀ ਅਰਥ ਹੈ ਕਿ ‘ਝੋਨੇ ਦੇ ਸੀਜ਼ਨ ਲਈ 11 ਜੂਨ ਤੋਂ ਮਿਲੇਗਾ ਨਹਿਰੀ ਪਾਣੀ।’ ਇਹ ਗੱਲ ਬਿਜਲੀ ਸਪਲਾਈ ਬਾਰੇ ਤਾਂ ਸਰਕਾਰ ਵਲੋਂ ਹਰ ਸਾਲ ਹੀ ਐਲਾਨੀ ਜਾਂਦੀ ਹੈ, ਪਰ ਨਹਿਰੀ ਪਾਣੀ – ਜ਼ੋ ਆਮ ਰੁਟੀਨ ਵਿਚ ਲਗਾਤਾਰ ਵਗਦਾ ਤੇ ਮਿਲਦਾ ਹੈ, ਜਿਸ ਦਾ ਬਿਜਲੀ ਵਾਂਗ ਕੋਈ ਕੇਂਦਰੀ ਪੂਲ ਵੀ ਨਹੀਂ ਹੈ – ਬਾਰੇ ਪਹਿਲਾਂ ਕਦੇ ਨਹੀਂ ਸੁਣੀ ਗਈ । ਕੀ ਇਸ ਐਲਾਨ ਦਾ ਮਤਲਬ ਇਹ ਹੈ ਕਿ ਪੰਜਾਬ ਦਾ ਦਰਿਆਈ ਪਾਣੀ 11 ਜੂਨ ਤੱਕ ਦਿੱਲੀ ਜਾਂ ਕਿਸੇ ਹੋਰ ਪਾਸੇ ਸਪਲਾਈ ਕੀਤਾ ਜਾ ਰਿਹਾ ਹੈ? ਸਮੂਹ ਕਿਸਾਨ ਅਤੇ ਪੰਜਾਬ ਹਿਤੈਸ਼ੀ ਜਥੇਬੰਦੀਆਂ ਤੇ ਪਾਰਟੀਆਂ ਨੂੰ ਇਸ ਸੁਆਲ ਦਾ ਲਾਜ਼ਮੀ ਨੋਟਿਸ ਲੈਣਾ ਚਾਹੀਦਾ ਹੈ।

Leave a Reply

Your email address will not be published. Required fields are marked *