ਨਫਰਤੀ ਬਿਆਨਬਾਜ਼ੀ ਕਾਰਨ ਕੰਗਨਾ ਰਣੌਤ ਅਤੇ ਉਸਦੀ ਭੈਣ ਵਿਰੁੱਧ ਕੇਸ ਦਰਜ ਹੋਵੇ- ਕਿਰਤੀ ਕਿਸਾਨ ਯੂਨੀਅਨ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 8 ਜੂਨ,ਬੋਲੇ ਪੰਜਾਬ ਬਿਓਰੋ:-ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਬੀਤੀ ਕੱਲ ਚੰਡੀਗੜ੍ਹ ਹਵਾਈ ਅੱਡੇ ਤੇ ਸੀ ਆਈ ਐਸ ਐਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਅਤੇ ਕੰਗਣਾ ਰਣੌਤ ਵਿਚਕਾਰ ਹੋਏ ਤਕਰਾਰ ਵਿੱਚ ਜੋ ਵਾਪਰਿਆ ਹੈ ਉਸ ਲਈ ਕੰਗਣਾ ਰਣੌਤ ਨੂੰ ਖੁਦ ਜ਼ਿੰਮੇਵਾਰ ਕਰਾਰ ਦਿੰਦਿਆਂ ਉਸਦੇ ਹਵਾਈ ਅੱਡੇ ਤੇ ਹੰਕਾਰ ਨਾਲ ਭਰੇ ਵਿਵਹਾਰ ਨੂੰ ਘਟੀਆ ਸੰਘੀ ਸਿਆਸਤ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ।

ਜੱਥੇਬੰਦੀ ਨੇ ਘਟਨਾਕ੍ਰਮ ਮਗਰੋਂ ਕੰਗਣਾ ਰਣੌਤ ਅਤੇ ਉਸਦੀ ਭੈਣ ਦੀ ਪੰਜਾਬ ਅਤੇ ਕਿਸਾਨਾਂ ਵਿਰੁੱਧ ਬਿਆਨਬਾਜ਼ੀ ਨੂੰ ਉਕਸਾਊ ਅਤੇ ਭਾਈਚਾਰਿਆਂ ਵਿਚਕਾਰ ਨਫਰਤ ਵਧਾਉਣ ਵਾਲੀ ਬਿਆਨਬਾਜ਼ੀ ਕਰਾਰ ਦਿੰਦਿਆਂ ਇਸ ਲਈ ਕੰਗਣਾ ਰਣੌਤ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਯੂਨੀਅਨ ਨੇ ਸਿਪਾਹੀ ਕੁਲਵਿੰਦਰ ਕੌਰ ਨੂੰ ਬਿਨਾ ਪੜਤਾਲ ਕੀਤਿਆਂ ਮੁਅੱਤਲ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਹਵਾਈ ਅੱਡੇ ਦੀ ਸੀਸੀਟੀਵੀ ਫੁਟੇਜ ਜਨਤਕ ਕਰਨੀ ਚਾਹੀਦੀ ਹੈ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਘਟਨਾ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਅਨੁਸਾਰ ਸਿਪਾਹੀ ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਤਹਿਤ ਕੰਗਣਾ ਰਣੌਤ ਨੂੰ ਆਪਣਾ ਮੋਬਾਈਲ ਅਤੇ ਪਰਸ ਵਗੈਰਾ ਸਿਕਿਉਰਟੀ ਚੈੱਕ ਵਾਸਤੇ ਟਰੇਅ ਵਿੱਚ ਰੱਖਣ ਲਈ ਕਿਹਾ ਸੀ ਪਰ ਹੰਕਾਰ ਵਿੱਚ ਗੜੁੱਚ ਕੰਗਣਾ ਵੱਲੋਂ ਕੁਲਵਿੰਦਰ ਕੌਰ ਨਾਲ ਦੁਰਵਿਹਾਰ ਕਰਦੇ ਹੋਏ ਉਸਨੂੰ “ਕੌਰ ਖਾਲਿਸਤਾਨੀ’ ਤੱਕ ਕਿਹਾ। ਜਿਸ ਦੇ ਪ੍ਰਤੀਕਰਮ ਵਜੋਂ ਕੁਲਵਿੰਦਰ ਕੌਰ ਨੇ ਹੱਥ ਚੁੱਕਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕੰਗਣਾ ਰਣੌਤ ਵਲੋਂ ਪਹਿਲਾ ਵੀ ਅੰਦੋਲਨਕਾਰੀ ਔਰਤਾਂ ਬਾਰੇ ਵਰਤੀ ਗਈ ਘਟੀਆ ਸ਼ਬਦਾਵਲੀ ਕਰਕੇ ਪੰਜਾਬ ਦੇ ਲੋਕਾਂ ਵਿੱਚ ਉਸ ਪ੍ਰਤੀ ਵਿਆਪਕ ਗੁੱਸਾ ਹੈ। ਦਿੱਲੀ ਮੋਰਚੇ ਵੇਲੇ ਵੀ ਰੋਪੜ ਵਿਖੇ ਉਸਦੀ ਕਾਰ ਘੇਰੇ ਜਾਣ ਤੇ ਉਸਨੇ ਆਪਣੀ ਘਟੀਆ ਸ਼ਬਦਾਵਲੀ ਲਈ ਮਾਫੀ ਮੰਗ ਕੇ ਖਹਿੜਾ ਛੁਡਾਇਆ ਸੀ।

ਕਿਸਾਨ ਆਗੂਆਂ ਨੇ ਕਿਹਾ ਕਿ ਘਟਨਾ ਮਗਰੋਂ ਕੰਗਣਾ ਵਲੋਂ ਦਿੱਲੀ ਜਾਕੇ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਖਾਲਿਸਤਾਨ ਸਬੰਧੀ ਦਿੱਤਾ ਬਿਆਨ ਅਤੇ ਉਸਦੀ ਭੈਣ ਦੀ ਬਿਆਨਬਾਜ਼ੀ ਭਾਜਪਾ ਅਤੇ ਨਰਿੰਦਰ ਮੋਦੀ ਦੀ ਧਾਰਮਿਕ ਭਾਈਚਾਰਿਆਂ ਵਿਚਕਾਰ ਨਫਰਤ ਵਧਾਉਣ ਵਾਲੀ ਧਰੁਵੀਕਰਨ ਦੀ ਰਾਜਨੀਤੀ ਦਾ ਹਿੱਸਾ ਹੈ। ਇਨ੍ਹਾਂ ਬਿਆਨਾਂ ਦੇ ਅਧਾਰ ਤੇ ਕੰਗਣਾ ਰਣੌਤ ਤੇ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਕੰਗਣਾ ਰਣੌਤ ਦੀ ਜਬਾਨ ਨੂੰ ਲਗਾਮ ਲਗਾਕੇ ਨਫਰਤ ਦੀ ਰਾਜਨੀਤੀ ਕਰਨੀ ਬੰਦ ਕਰੇ।

ਕਿਸਾਨ ਆਗੂਆਂ ਨੇ ਸਪੱਸ਼ਟ ਕਿਹਾ ਕਿ ਜੱਥੇਬੰਦੀ ਕੁਲਵਿੰਦਰ ਕੌਰ ਅਤੇ ਉਸਦੇ ਪਰਿਵਾਰ ਤੇ ਜਬਰ ਢਾਹਕੇ ਬੇਇਨਸ਼ਾਫੀ ਕਰਨ ਦੀ ਇਜਾਜਤ ਨਹੀ ਦੇਵੇਗੀ।

Leave a Reply

Your email address will not be published. Required fields are marked *