ਚੰਡੀਗੜ੍ਹ 8 ਜੂਨ,ਬੋਲੇ ਪੰਜਾਬ ਬਿਓਰੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਵ-ਨਿਯੁਕਤ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਅਕਲ (ਸਦਬੁੱਧੀ ਦੇਣ) ਦਾ ਪਾਠ ਪੜ੍ਹਾਉਣ ਦੀ ਸਲਾਹ ਦਿੱਤੀ ਹੈ।ਇਸ ਦੇ ਨਾਲ ਹੀ ਮਹਿਤਾ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੂੰ ਵੀ ਸੰਸਦ ਮੈਂਬਰ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੌਜੂਦਾ ਸੰਸਦ ਮੈਂਬਰ ਅੰਮ੍ਰਿਤਪਾਲ ਦੀ ਜਲਦੀ ਰਿਹਾਈ ਲਈ ਕਾਨੂੰਨੀ ਸਹਾਇਤਾ ਦੇਣਾ ਜਾਰੀ ਰੱਖੇਗੀ।
ਸ਼ਨਿਚਰਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਕੀਲ ਭਗਵੰਤ ਸਿੰਘ ਸਿਆਲਕਾ ਪਹਿਲਾਂ ਵਾਂਗ ਅੰਮ੍ਰਿਤਪਾਲ ਦੀ ਰਿਹਾਈ ਲਈ ਕੇਸ ਲੜਦੇ ਰਹਿਣਗੇ। ਉਨ੍ਹਾਂ ਕਿਹਾ ਕਿ ਰਿਹਾਈ ਬਾਰੇ ਅੰਤਿਮ ਫੈਸਲਾ ਅਦਾਲਤ ਹੀ ਲਵੇਗੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਨੁਮਾਇੰਦਾ ਹੋਣ ਦੇ ਨਾਤੇ ਅਦਾਲਤ ਨੂੰ ਸੰਸਦ ਮੈਂਬਰ ਅੰਮ੍ਰਿਤਪਾਲ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨਾ ਚਾਹੀਦਾ ਹੈ। ਮਹਿਤਾ ਅਨੁਸਾਰ ਪਾਰਲੀਮੈਂਟ ਚੋਣਾਂ ‘ਚ ਦੋਵਾਂ ਸੰਸਦ ਮੈਂਬਰਾਂ ਦੀ ਜਿੱਤ ਸਿੱਖ ਪੰਥ ਲਈ ਵੱਡੀ ਖੁਸ਼ੀ ਦੀ ਗੱਲ ਹੈ। ਕੰਗਨਾ ਰਣੌਤ-ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਮਾਮਲੇ ‘ਤੇ ਮਹਿਤਾ ਨੇ ਕਿਹਾ ਕਿ ਕੰਗਨਾ ਨੂੰ ਆਪਣੀ ਜ਼ੁਬਾਨ ‘ਤੇ ਕਾਬੂ ਰੱਖਣਾ ਚਾਹੀਦਾ ਹੈ, ਉਸ ਦੀ ਜ਼ੁਬਾਨ ਬੇਲਗਾਮ ਹੈ। ਪੰਜਾਬੀਆਂ, ਖਾਸ ਕਰ ਕੇ ਸਿੱਖ ਕੌਮ ਪ੍ਰਤੀ ਉਸ ਦੀ ਨਫਰਤ ਦੇ ਨਤੀਜੇ ਵਜੋਂ ਹੀ ਐਕਸ਼ਨ ਦਾ ਰਿਐਕਸ਼ਨ ਹੋਇਆ ਹੈ।