ਪੌਦੇ ਲਗਾਉਣ ਦੇ ਨਾਲ-ਨਾਲ ਪਾਲਣ ਪੋਸ਼ਣ ਦੀ ਵੀ ਲਈਏ ਜ਼ਿੰਮੇਵਾਰੀ : ਖਰਬੰਦਾ

ਚੰਡੀਗੜ੍ਹ ਪੰਜਾਬ


ਪੀ.ਐੱਚ.ਡੀ.ਸੀ.ਸੀ.ਆਈ. ’ਚ ਵਾਤਾਵਰਨ ਦਿਵਸ ਨੂੰ ਸਮਰਪਿਤ ਪੌਦੇ ਲਗਾਉਣ ਦੇ ਪ੍ਰੋਗਰਾਮ ਦਾ ਆਯੋਜਨ
ਚੰਡੀਗੜ੍ਹ 7 ਜੂਨ,ਬੋਲੇ ਪੰਜਾਬ ਬਿਓਰੋ:
 ਇਨਵੈਸਟ ਪੰਜਾਬ ਦੇ ਸੀ.ਈ.ਓ., ਆਈ.ਏ.ਐੱਸ. ਡੀ.ਪੀ.ਐੱਸ. ਖਰਬੰਦਾ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਅਤੇ ਗ੍ਰੀਨ ਹਾਊਸ ਨਿਕਾਸੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਸਾਰਿਆਂ ਨੂੰ ਹਰ ਸਾਲ ਘੱਟੋ-ਘੱਟ ਇੱਕ ਪੌਦਾ ਲਗਾਉਣਾ ਚਾਹੀਦਾ ਹੈ। ਵਾਤਾਵਰਨ ਦਿਵਸ ਭਾਵੇਂ ਸਾਲ ਵਿੱਚ ਇੱਕ ਵਾਰ ਆਵੇ ਪਰ ਸਾਨੂੰ ਸਾਰਿਆਂ ਨੂੰ ਘੱਟੋ-ਘੱਟ ਇੱਕ ਪੌਦਾ ਲਗਾਉਣ ਅਤੇ ਉਸਦਾ ਪਾਲਣ ਪੋਸ਼ਣ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਇੱਕ ਪੌਦੇ ਨੂੰ ਤਿੰਨ ਸਾਲ ਤੱਕ ਸੁਰੱਖਿਅਤ ਰੱਖਣ ਨਾਲ ਹੀ ਵਾਤਾਵਰਣ ਦੀ ਅਸਲ ਵਿੱਚ ਸੁਰੱਖਿਆ ਹੋ ਸਕੇਗੀ।
ਖਰਬੰਦਾ ਅੱਜ ਇੱਥੇ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਸਬੰਧੀ ਕਰਵਾਏ ਗਏ ਪ੍ਰੋਗਰਾਮ ਦੌਰਾਨ ਪੌਦੇ ਲਗਾਉਣ ਤੋਂ ਬਾਅਦ ਭਾਗੀਦਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦਿਵਸ ਤੋਂ ਬਾਅਦ ਚੱਲ ਰਹੇ ਹਫ਼ਤੇ ਦੌਰਾਨ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਰੱਖਿਆ ਕਰਨ ਦਾ ਪ੍ਰਣ ਲੈਣਾ ਚਾਹੀਦਾ। ਇਸ ਸਾਲ ਦੇ ਵਿਸ਼ਵ ਵਾਤਾਵਰਨ ਦਿਵਸ ਦਾ ਥੀਮ ‘ਭੂਮੀ ਦੀ ਬਹਾਲੀ, ਮਾਰੂਥਲੀਕਰਨ ਅਤੇ ਸੋਕੇ ਨਾਲ ਨਜਿੱਠਣ ਦੀ ਸਮਰੱਥਾ’ ਹੈ।
ਇਸ ਮੌਕੇ ਪੀ.ਐੱਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰ ਆਰ.ਐੱਸ. ਸਚਦੇਵਾ ਨੇ ਸਨਮਾਨਿਤ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਵਾਤਾਵਰਣ ਦੀ ਸੰਭਾਲ ਨੂੰ ਸਮਰਪਿਤ ਇਸ ਦਿਵਸ ਨੂੰ ਮਨਾਉਣ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਪੀ.ਐੱਚ.ਡੀ.ਸੀ.ਸੀ.ਆਈ. ਪੰਜਾਬ ਚੈਪਟਰ ਦੇ ਕੋ-ਚੇਅਰ ਕਰਨ ਗਿਲਹੋਤਰਾ ਨੇ ਟਿਕਾਊ ਵਿਕਾਸ, ਗਲੋਬਲ ਵਾਰਮਿੰਗ, ਵਾਤਾਵਰਣ ਦੀ ਬਹਾਲੀ, ਪਲਾਸਟਿਕ ਪ੍ਰਦੂਸ਼ਣ ਅਤੇ ਪਾਣੀ ਦੀ ਕਮੀ ਬਾਰੇ ਚਰਚਾ ਕਰਦੇ ਹੋਏ ਦੱਸਿਆ ਕਿ ਕਿਵੇਂ ਉਪਰੋਕਤ ਸਾਰੇ ਵਿਸ਼ਿਆਂ ਦੀ ਬਰਾਬਰ ਮਹੱਤਤਾ ਹੈ। ਇਸ ਮੌਕੇ ‘ਤੇ ਬੋਲਦਿਆਂ ਪੀ.ਐੱਚ.ਡੀ.ਸੀ.ਸੀ.ਆਈ.ਦੀ ਖੇਤਰੀ ਨਿਰਦੇਸ਼ਕ ਸ਼੍ਰੀਮਤੀ ਭਾਰਤੀ ਸੂਦ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਅੰਤਰ-ਪੀੜ੍ਹੀ ਸਮਾਨਤਾ ਦੀ ਦਿਸ਼ਾ ’ਚ ਗ੍ਰਹਿ ਧਰਤੀ ਨੂੰ ਇੱਕ ਬਿਹਤਰ ਰਹਿਣ ਯੋਗ ਗ੍ਰਹਿ ਬਣਾਉਣ ਲਈ ਸਹਿਯੋਗੀ ਯਤਨਾਂ ਦੀ ਸ਼ਕਤੀ ‘ਤੇ ਜ਼ੋਰ ਦਿੱਤਾ। ਖੇਤਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਕਮੇਟੀ ਦੇ ਕਨਵੀਨਰ ਪਰਵ ਅਰੋੜਾ ਅਤੇ ਪੀ.ਐੱਚ.ਡੀ.ਸੀ.ਸੀ.ਆਈ. ਸ਼ੀ-ਫੋਰਮ ਚੰਡੀਗੜ੍ਹ ਦੀ ਪ੍ਰਧਾਨ ਸ੍ਰੀਮਤੀ ਪੂਜਾ ਨਾਇਰ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਜਾਬ ਦੇ ਉਦਯੋਗਪਤੀਆਂ ਅਤੇ ਕਈ ਹੋਰਾਂ ਨੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਭਾਗ ਲਿਆ।

Leave a Reply

Your email address will not be published. Required fields are marked *