ਜਗਰਾਓਂ, 7 ਜੂਨ, ਬੋਲੇ ਪੰਜਾਬ ਬਿਓਰੋ:
ਜਗਰਾਓਂ ’ਚ ਇਕ ਹੌਲਨਾਕ ਘਟਨਾ ’ਚ ਕੁਝ ਦੋਸਤਾਂ ਨੇ ਮਿਲ ਕੇ ਆਪਣੇ ਹੀ ਦੋਸਤ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ। ਬਾਅਦ ’ਚ ਜਦੋਂ ਉਹ ਬੁਰੀ ਤਰ੍ਹਾਂ ਸੜ ਗਿਆ ਤਾਂ ਉਸ ਨੂੰ ਖ਼ੁਦ ਹਸਪਤਾਲ ਲੈ ਕੇ ਗਏ। ਹੁਣ ਉਹ ਹਸਪਤਾਲ ’ਚ ਜ਼ਿੰਦਗੀ ਦੇ ਮੌਤ ਵਿਚਾਲੇ ਜੂਝ ਰਿਹਾ ਹੈ। ਪੀੜਤ ਨੌਜਵਾਨ ਦੇ ਪਰਿਵਾਰ ਨੂੰ ਉਨ੍ਹਾਂ ਦੱਸਿਆ ਕਿ ਹਾਦਸਾ ਮੋਟਰਸਾਈਕਲ ’ਚ ਪੈਟਰੋਲ ਪਾਉਣ ਵੇਲੇ ਅਚਾਨਕ ਅਗ ਲੱਗਣ ਕਾਰਨ ਵਾਪਰਿਆ। ਦੋ ਦਿਨ ਪੁਰਾਣੀ ਇਸ ਘਟਨਾ ਦੀ ਪੜਤਾਲ ਕਰਦਿਆਂ ਵੀਰਵਾਰ ਨੂੰ ਜਦੋਂ ਘਟਨਾ ਸਥਾਨ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਗਈ ਤਾਂ ਸੱਚ ਸਾਹਮਣੇ ਆਇਆ। ਹੁਣ ਤਿੰਨੇ ਨੌਜਵਾਨ ਫ਼ਰਾਰ ਹਨ।
ਜਗਰਾਓਂ ਦੇ ਚੂੰਗੀ ਨੰਬਰ 7 ਵਾਸੀ, ਵੀਹ ਸਾਲਾ ਮਨਦੀਪ ਸਿੰਘ ਉਰਫ਼ ਰਾਹੁਲ ਨੂੰ ਉਸ ਦੇ ਦੋਸਤ ਬਹਾਨੇ ਨਾਲ ਘਰੋਂ ਬਾਹਰ ਲੈ ਗਏ। ਘਰ ਤੋਂ ਕੁਝ ਦੂਰੀ ’ਤੇ ਕੋਠੇ ਰਾਹਲਾਂ ਨੂੰ ਜਾਂਦੀ ਸੜਕ ’ਤੇ ਗੱਲਾਂ ਕਰਦੇ-ਕਰਦੇ ਇਨ੍ਹਾਂ ’ਚੋਂ ਇਕ ਨੇ ਮਨਦੀਪ ਨੂੰ ਜੱਫਾ ਪਾ ਲਿਆ ਤੇ ਦੂਜੇ ਨੇ ਉਸ ’ਤੇ ਪੈਟਰੋਲ ਛਿੜਕ ਦਿੱਤਾ। ਇਨ੍ਹਾਂ ’ਚੋਂ ਇਕ ਨੇ ਮਨਦੀਪ ਦੀ ਜੇਬ ਦੀ ਤਲਾਸ਼ੀ ਲਈ ਤੇ ਫਿਰ ਪਿੱਛੇ ਹੋ ਗਿਆ। ਮਨਦੀਪ ਪੈਟਰੋਲ ਛਿੜਕਿਆਂ ਹੋਣ ਕਾਰਨ ਆਪਣੇ ਕੱਪੜੇ ਝਾੜਨ ਲੱਗਾ ਤਾਂ ਇਸੇ ਦੌਰਾਨ ਇਕ ਹੋਰ ਨੇ ਉਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮਨਦੀਪ ਨੇ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ। ਇਸ ’ਤੇ ਉਸ ਦੇ ਦੋਸਤ ਨੇ ਸੜਕ ’ਤੇ ਡੁੱਲੇ ਪੈਟਰੋਲ ਨੂੰ ਅੱਗ ਲਗਾ ਦਿੱਤੀ ਜੋ ਭੱਜਦੇ ਹੋਏ ਮਨਦੀਪ ਤੱਕ ਪੁੱਜ ਗਈ। ਕੁਝ ਹੀ ਮਿੰਟਾਂ ’ਚ ਹੀ ਉਹ ਅੱਗ ਦੀਆਂ ਲਪਟਾਂ ’ਚ ਘਿਰ ਗਿਆ। ਉਸ ਨੇ ਚੀਕ-ਚਿਹਾੜਾ ਪਾਇਆ। ਇਸ ਦੌਰਾਨ ਇਕ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ। ਜਦੋਂ ਤਕ ਮਨਦੀਪ ਨੂੰ ਬਚਾਇਆ ਗਿਆ ਉਦੋਂ ਤੱਕ ਉਸਦਾ ਸਰੀਰ ਪੂਰੀ ਤਰ੍ਹਾਂ ਸੜ ਗਿਆ ਸੀ। ਉਸ ਨੂੰ ਅੱਗ ਲਗਾਉਣ ਵਾਲੇ ਦੋਸਤ ਹੀ ਸਿਵਲ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫ਼ਰੀਦਕੋਟ ਰੈਫਰ ਕਰ ਦਿੰਦੇ ਹਨ।