ਚੰਡੀਗੜ੍ਹ, 7 ਜੂਨ ,ਬੋਲੇ ਪੰਜਾਬ ਬਿਓਰੋ: ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਗਰਮਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਵਲੋਂ ਕੰਗਨਾ ਨੂੰ ਥੱਪੜ ਮਾਰਨ ਵਾਲੀ ਸੀ ਆਈ ਐਸ ਐਫ ਦੀ ਲੇਡੀ ਕਾਂਸਟੇਬਲ ਕੁਲਵਿੰਦਰ ਦੇ ਸਮਰਥਨ ਦਾ ਐਲਾਨ ਕੀਤਾ ਹੈ।
ਇੱਥੇ ਕਿਸਾਨ ਭਵਨ ਵਿਖੇ ਪੱਤਰਕਾਰ ਸੰਮੇਨਨ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 9 ਜੂਨ ਨੂੰ ਗੁਰਦੁਆਰਾ ਅੰਬ ਸਾਹਿਬ ਤੋਂ ਮੁਹਾਲੀ ਦੇ ਐਸ ਐਸ ਪੀ ਦਫ਼ਤਰ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਮੰਗ ਕਰਣਗੇ ਕਿ ਲੇਡੀ ਕਾਂਸਟੇਬਲ ਨਾਲ ਬੇਇਨਸਾਫ਼ੀ ਨਾ ਕੀਤੀ ਜਾਵੇ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਬਹੁਮਤ ਭਾਰਤੀ ਜਨਤਾ ਪਾਰਟੀ ਨੂੰ ਪਿਛਲੇ ਦੋ ਕਾਰਜਕਾਲ ਤੋਂ ਮਿਲਦਾ ਰਿਹਾ ਹੈ ਉਸਦੇ ਜ਼ੋਰ ਤੇ ਉਸ ਨੇ ਪੂਰੇ ਦੇਸ਼ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਇਸ ਵਾਰ ਭਾਜਪਾ ਦੀਆਂ ਸੀਟਾਂ ਦੀ ਗਿਣਤੀ ਘੱਟ ਗਈ ਹੈ।
ਉਹਨਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਪੇਂਡੂ ਖੇਤਰਾਂ ਵਿੱਚ ਭਾਜਪਾ ਦੇ 236 ਸੰਸਦ ਮੈਂਬਰ ਜਿੱਤੇ ਸਨ ਪਰ ਇਸ ਵਾਰ 73 ਸੰਸਦ ਮੈਂਬਰ ਹਾਰ ਗਏ। ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨ ਮਜ਼ਦੂਰਾਂ ਨਾਲ ਜੋ ਕੀਤਾ ਹੈ, ਉਸਦਾ ਨਤੀਜਾ ਸਾਮ੍ਹਣੇ ਆ ਰਿਹਾ ਹੈ।