ਅਧਿਆਪਕਾਂ ਦੀਆਂ ਬਦਲੀਆਂ ਵਾਲਾ ਪੋਰਟਲ ਮੁੜ ਤੋਂ ਖੋਲਿਆ ਜਾਵੇ : ਡੀ ਟੀ ਐੱਫ

ਚੰਡੀਗੜ੍ਹ ਪੰਜਾਬ

ਚੋਣ ਜ਼ਾਬਤੇ ਕਾਰਣ ਬਦਲੀਆਂ ਦੀ ਰੋਕੀ ਪ੍ਰਕਿਰਿਆ ਛੁੱਟੀਆਂ ਵਿੱਚ ਹੋਵੇ ਪੂਰੀ: ਡੀਟੀਐੱਫ

ਦੂਰ ਦੇ ਜਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਹਿਲ ਦੇ ਅਧਾਰ ‘ਤੇ ਬਦਲਿਆ ਜਾਵੇ: ਡੀ ਟੀ ਐੱਫ

ਚੰਡੀਗੜ੍ਹ 7 ਜੂਨ, ਬੋਲੇ ਪੰਜਾਬ ਬਿਓਰੋ:

ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਸਬੰਧੀ ਈ-ਪੰਜਾਬ ਉੱਤੇ ਚਲਾਇਆ ਜਾਂਦਾ ਪੋਰਟਲ ਖੋਲ੍ਹਿਆ ਗਿਆ ਸੀ। ਇਸ ਪੋਰਟਲ ‘ਤੇ ਬਦਲੀ ਲਈ ਆਨਲਾਈਨ ਬਿਨੈ ਪੱਤਰ ਦੇਣ ਲਈ 12 ਮਾਰਚ 2024 ਤੋਂ 19 ਮਾਰਚ 2024 ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਇਸ ਦਰਮਿਆਨ ਚੋਣ ਜਾਬਤਾ ਲੱਗਣ ਕਾਰਣ ਬਦਲੀਆਂ ਦੀ ਪ੍ਰਕਿਰਿਆ ਨੂੰ ਵਿੱਚੇ ਹੀ ਰੋਕ ਦਿੱਤਾ ਗਿਆ ਸੀ ।

ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਪੰਜਾਬ ਪਾਸੋਂ ਮੰਗ ਕੀਤੀ ਹੈ ਕਿ ਬਦਲੀਆਂ ਵਾਲਾ ਪੋਰਟਲ ਮੁੜ ਤੋਂ ਚਾਲੂ ਕਰਦਿਆਂ ਗਰਮੀ ਦੀਆਂ ਛੁੱਟੀਆਂ ਵਿੱਚ ਇਸ ਪ੍ਰਕ੍ਰਿਰਿਆ ਨੂੰ ਪੂਰਾ ਕੀਤਾ ਜਾਵੇ ਅਤੇ ਸਮੂਹ ਅਧਿਆਪਕਾਂ ਨੂੰ ਇਸ ਪੋਰਟਲ ‘ਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ ਸੈਸ਼ਨ 2021-22 ਵਿੱਚ ਬਦਲੀ ਕਰਾਉਣ ਵਾਲੇ ਉਨ੍ਹਾਂ ਅਧਿਆਪਕਾਂ ਨੂੰ, ਜਿੰਨ੍ਹਾਂ ਅਧਿਆਪਕਾਂ ਦੀ ਬਦਲੀ ਸੈਸ਼ਨ 2022-23 ਜਾਂ 2023-24 ਵਿੱਚ ਦੇਰੀ ਨਾਲ ਲਾਗੂ ਹੋਈ ਸੀ, ਸੈਸ਼ਨ 2024-25 ਵਿੱਚ ਬਦਲੀ ਕਰਾਉਣ ਦਾ ਮੌਕਾ ਦਿੱਤਾ ਜਾਵੇ ਅਤੇ ਅਧਿਆਪਕਾਂ ਨੂੰ ਆਪਸੀ ਬਦਲੀ ਕਰਵਾਉਣ ‘ਤੇ ਕਿਸੇ ਤਰ੍ਹਾਂ ਦੀ ਸ਼ਰਤ ਨਾ ਲਗਾਈ ਜਾਵੇ।

ਡੀ.ਟੀ.ਐੱਫ. ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਸਿੱਖਿਆ ਵਿਭਾਗ ਪੰਜਾਬ ਪਾਸੋਂ ਮੰਗ ਕੀਤੀ ਕਿ ਦੂਰ ਦੇ ਜਿਲ੍ਹਿਆਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਪਹਿਲ ਦੇ ਆਧਾਰ ‘ਤੇ ਬਦਲਿਆ ਜਾਵੇ ਕਿਉਂਕਿ ਪਿਛਲੇ ਸਮੇਂ ਵਿੱਚ ਅਨੇਕਾਂ ਅਧਿਆਪਕਾਂ ਨੂੰ ਦੁਰੇਡੇ ਖੇਤਰਾਂ ਵਿੱਚ ਆਉਣ ਜਾਣ ਦੌਰਾਨ ਹੋਈਆਂ ਸੜਕੀ ਦੁਰਘਟਨਾਵਾਂ ਦੌਰਾਨ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ।

Leave a Reply

Your email address will not be published. Required fields are marked *