ਫ਼ਿਰੋਜ਼ਪੁਰ, 5 ਜੂਨ,ਬੋਲੇ ਪੰਜਾਬ ਬਿਓਰੋ:
ਫ਼ਿਰੋਜ਼ਪੁਰ ਵਿੱਚ ਆਈ ਤੇਜ਼ ਹਨੇਰੀ ਕਾਰਨ ਫ਼ਿਰੋਜ਼ਪੁਰ ਸ਼ਹਿਰ ਦੇ ਬਾਬਾ ਐਨਕਲੇਵ ਵਿੱਚ ਇੱਕ ਪਲਾਟ ਦੀ ਕੰਧ ਡਿੱਗ ਗਈ ਅਤੇ ਕੰਧ ਦਾ ਮਲਬਾ ਕੰਧ ਦੇ ਨਾਲ ਖੜ੍ਹੀਆਂ 5 ਮਹਿੰਗੀਆਂ ਕਾਰਾਂ ‘ਤੇ ਡਿੱਗ ਗਿਆ, ਜਿਸ ਕਾਰਨ 3 ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦਕਿ 2 ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਐਨਕਲੇਵ ਨਿਵਾਸੀ ਅਕਸ਼ੈ ਕੁਮਾਰ ਅਤੇ ਉਸਦੇ ਗੁਆਂਢੀ ਨੇ ਦੱਸਿਆ ਕਿ ਇਹ ਪਲਾਟ ਕਿਸੇ ਬੈਂਕ ਦੇ ਕਬਜ਼ੇ ਵਿਚ ਹੈ ਅਤੇ ਇਸ ਪਲਾਟ ਦੀ ਕੰਧ ਬਹੁਤ ਕਮਜ਼ੋਰ ਹੈ ਅਤੇ ਬਾਬਾ ਇਨਕਲੇਵ ਦੇ ਰਹਿਣ ਵਾਲੇ ਕੁਝ ਲੋਕਾਂ ਨੇ ਕਈ ਵਾਰ ਇਸ ਕੰਧ ਨੂੰ ਮਜ਼ਬੂਤ ਕਰਨ ਲਈ ਕਿਹਾ ਸੀ, ਪਰ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਰਾਤ ਸਮੇਂ ਅਚਾਨਕ ਤੇਜ਼ ਹਨੇਰੀ ਆ ਗਈ, ਜਿਸ ਕਾਰਨ ਕੰਧ ਢਹਿ ਗਈ ਅਤੇ ਨੇੜੇ ਖੜ੍ਹੀਆਂ ਪੰਜ ਕਾਰਾਂ ਕੰਧ ਦੇ ਮਲਬੇ ਹੇਠਾਂ ਦੱਬ ਗਈਆਂ। ਉਸ ਨੇ ਦੱਸਿਆ ਕਿ ਇਸ ਕੰਧ ਨਾਲ ਦੋ ਹੋਰ ਕਾਰਾਂ ਖੜ੍ਹੀਆਂ ਸਨ, ਜਿਨ੍ਹਾਂ ਨੂੰ ਮਾਲਕ ਕੁਝ ਸਮਾਂ ਪਹਿਲਾਂ ਹੀ ਲੈ ਕੇ ਗਏ ਸਨ।