ਮਾਨਸਾ, 4 ਜੂਨ,ਬੋਲੇ ਪੰਜਾਬ ਬਿਓਰੋ:
ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਜਿਥੇ ਬਿਹਾਰ ਵਿਚ ਪਾਰਟੀ ਵਲੋਂ ਦੋ ਹਲਕਿਆਂ – ਕਾਰਾਕਾਟ ਤੇ ਆਰਾ ਸਮੇਤ ਇਕ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕਰਨ ‘ਤੇ ਖੁਸ਼ੀ ਜ਼ਾਹਰ ਕੀਤੀ ਹੈ, ਉਥੇ ਪੰਜਾਬ ਤੇ ਚੰਡੀਗੜ੍ਹ ਵਿਚੋਂ ਬੀਜੇਪੀ ਦੇ ਮੁਕੰਮਲ ਸਫਾਏ ਤੇ ਇੰਡੀਆ ਗੱਠਜੋੜ ਦੀ ਵੱਡੀ ਜਿੱਤ ਉਤੇ ਵੀ ਤਸੱਲੀ ਪ੍ਰਗਟਾਈ ਹੈ।
ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਇਹ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਕਿਸਾਨਾਂ ਮਜ਼ਦੂਰਾਂ ਵਲੋਂ ਲਾਏ ਲਾਮਿਸਾਲ ਲੰਬੇ ਤੇ ਜੇਤੂ ਮੋਰਚੇ ਦਾ ਹੀ ਅਸਰ ਹੈ ਕਿ ਜਿਥੇ ਪੰਜਾਬ ਤੋਂ ਇਲਾਵਾ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਬੀਜੇਪੀ ਨੂੰ ਵੱਡਾ ਖੋਰਾ ਲੱਗਿਆ ਹੈ, ਉਥੇ ਲਖੀਮਪੁਰ ਖੀਰੀ ਤੋਂ ਮੋਦੀ ਸਰਕਾਰ ਦਾ ਮੰਤਰੀ ਅਜੇ ਮਿਸ਼ਰਾ ਟੈਣੀ ਵੀ ਚੋਣ ਹਾਰ ਗਿਆ ਹੈ, ਜਿਸ ਦੇ ਬਦਮਾਸ਼ ਲੜਕੇ ਨੇ ਚਾਰ ਅੰਦੋਲਨਕਾਰੀ ਕਿਸਾਨਾਂ ਤੇ ਇਕ ਨੌਜਵਾਨ ਪੱਤਰਕਾਰ ਨੂੰ ਅਪਣੀ ਗੱਡੀ ਹੇਠ ਦਰੜ ਕੇ ਸ਼ਹੀਦ ਕਰ ਦਿੱਤਾ ਸੀ। ਬੇਸ਼ਕ ਕਿਸਾਨਾਂ ਮਜ਼ਦੂਰਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਅਪਣੀ ਜਦੋਜਹਿਦ ਭਵਿੱਖ ਵਿਚ ਵੀ ਉਸੇ ਤਰ੍ਹਾਂ ਜਾਰੀ ਰੱਖਣੀ ਪਵੇਗੀ, ਪਰ ਹੁਣ ਇਸ ਦੇ ਵੱਡੇ ਸਿਆਸੀ ਪ੍ਰਭਾਵ ਨੂੰ ਹਰ ਰਾਜਨੀਤਕ ਤਾਕਤ ਤੇ ਸਰਕਾਰ ਗੰਭੀਰਤਾ ਨਾਲ ਲਵੇਗੀ।
ਪਾਰਟੀ ਨੇ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਸਰਬਜੀਤ ਸਿੰਘ ਦੀ ਜਿੱਤ ਉਤੇ ਟਿਪਣੀ ਕਰਦਿਆਂ ਉਮੀਦ ਜਤਾਈ ਕਿ ਪੰਜਾਬ ਤੇ ਸਿੱਖ ਧਾਰਮਿਕ ਘੱਟਗਿਣਤੀ ਲਈ ਇਨਸਾਫ ਤੇ ਸਨਮਾਨ ਬਹਾਲੀ ਦੀ ਜਿਸ ਭਾਵਨਾ ਨਾਲ ਦੋਵੇਂ ਹਲਕਿਆਂ ਦੇ ਵੋਟਰਾਂ – ਖਾਸ ਕਰ ਸਿੱਖ ਨੌਜਵਾਨੀ ਨੇ ਉਨਾਂ ਨੂੰ ਜਿਤਾਇਆ ਹੈ, ਉਹ ਇਮਾਨਦਾਰੀ ਨਾਲ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਵੋਟਰਾਂ ਵਲੋਂ ਅਪਣੇ ਉਤੇ ਪ੍ਰਗਟਾਏ ਭਰੋਸੇ ‘ਤੇ ਪੂਰੇ ਉਤਰਨਗੇ।