ਚੰਡੀਗੜ੍ਹ, 4 ਜੂਨ, ਬੋਲੇ ਪੰਜਾਬ ਬਿਓਰੋ :
ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਾਰ ਹੋਣ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਖਪਾਲ ਖਹਿਰਾ ਨੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕੀਤਾ ਹੈ। ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ :-ਦੋਸਤੋ, ਜਨਤਾ ਵੱਲੋਂ ਦਿੱਤੇ ਅੱਜ ਦੇ ਫਤਵੇ ਨੂੰ ਮੈਂ ਹਲੀਮੀ ਨਾਲ ਸਵੀਕਾਰ ਕਰਦਾ ਹਾਂ ਅਤੇ ਸੰਗਰੂਰ ਦੇ ਸਮੂਹ ਵੋਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਇਸ ਦੇ ਨਾਲ ਹੀ ਮੈਂ ਉਹਨਾਂ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਲੋਕ ਸਭਾ ਸੰਗਰੂਰ ਦੀ ਚੋਣ ਦੋਰਾਨ ਮੇਰੇ ਉੱਪਰ ਭਰੋਸਾ ਕਰਦਿਆਂ ਮੈਨੂੰ ਵੋਟਾਂ ਪਾਈਆਂ। ਮੈਂ ਮਲੇਰਕੋਟਲੇ ਦੇ ਵੋਟਰਾਂ ਦਾ ਖਾਸ ਕਰਕੇ ਮੁਸਲਿਮ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਕਾਂਗਰਸ ਪਾਰਟੀ ਅਤੇ INDIA ਗਠਜੋੜ ਉੱਪਰ ਵਿਸ਼ਵਾਸ ਕਰਦਿਆਂ ਸਾਨੂੰ ਆਪਣੇ ਹਲਕੇ ਵਿੱਚੋਂ ਜਿਤਾਇਆ। ਭਾਂਵੇ ਕਿ ਅੱਜ ਦਾ ਨਤੀਜਾ ਸਾਡੀ ਆਸ ਅਨੁਸਾਰ ਨਹੀੰ ਆਇਆ ਪਰ ਮੈਂ ਪ੍ਰਣ ਕਰਦਾ ਹਾਂ ਕਿ ਮੈਂ ਪਹਿਲਾਂ ਦੀ ਤਰਾਂ ਹੀ ਪੰਜਾਬ ਅਤੇ ਪੰਜਾਬੀਆਂ ਦੇ ਹਕੂਕਾਂ ਲਈ ਨਿਡਰਤਾ ਅਤੇ ਇਮਾਨਦਾਰੀ ਨਾਲ ਲੜਦਾ ਰਹਾਂਗਾ। ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ 172560 ਵੋਟਾਂ ਦੇ ਫਰਕ ਨਾਲ ਹਰਾਇਆ ਹੈ।