ਮਾਈਕਰੋ ਫਾਈਨਾਂਸ ਕੰਪਨੀ ਸੱਤਿਆ ਵੱਲੋਂ ਬਣਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ÷ਮਜਦੂਰ ਮੁਕਤੀ ਮੋਰਚਾ ਪੰਜਾਬ (ਆਇਰਲਾ)

ਚੰਡੀਗੜ੍ਹ ਪੰਜਾਬ


ਮਾਨਸਾ 4 ਜੂਨ 2024,ਬੋਲੇ ਪੰਜਾਬ ਬਿਓਰੋ: ਪਿੰਡ ਰਾਮਾਨੰਦੀ ਵਿੱਚ ਸੱਤਿਆ ਕੰਪਨੀ ਵੱਲੋਂ ਸੁਖਪਾਲ ਕੌਰ ਪਤਨੀ ਜੁਗਰਾਜ ਸਿੰਘ ਨੂੰ ਬਣਦੀ ਯੋਗ ਮੁਆਵਜ਼ਾ ਰਾਸ਼ੀ ਨਾਂ ਦੇਣ ਦੇ ਕਾਰਨ ਮਜ਼ਦੂਰਾਂ ਵੱਲੋਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਇਰਲਾ) ਦੀ ਅਗਵਾਈ ਵਿੱਚ ਰੋਸ ਰੈਲੀ ਕੀਤੀ ਗਈ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾਂ ਨੇ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਂ-ਸਮੇਂ ਤੇ ਸਿਆਸੀ ਸ਼ਹਿ ਉੱਪਰ ਲੋਕਾਂ ਦੀ ਆਰਥਿਕ ਲੁੱਟ ਕਰਨ ਦੇ ਰਾਹ ਪਈਆਂ ਹੋਈਆਂ ਹਨ। ਇਹ ਕੰਪਨੀਆਂ ਲੋਨ ਦਿੰਦੇ ਸਮੇਂ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੰਦੀਆਂ ਹਨ,ਪਰ ਬਾਅਦ ਵਿੱਚ ਆਪਣੇ ਵਾਅਦਿਆਂ ਉੱਪਰ ਖਰੀਆਂ ਨਹੀਂ ਉੱਤਰਦੀਆਂ। ਲੌਕਡਾਊਨ ਦਰਮਿਆਨ ਵੀ ਇਹਨਾਂ ਦੇ ਖਿਲਾਫ ਵੱਡਾ ਅੰਦੋਲਨ ਉੱਭਰਨ ਤੋਂ ਬਾਅਦ ਵੀ ਔਰਤਾਂ ਸਿਰ ਚੜਿਆ ਕਰਜ਼ਾ ਮਾਫ‌ ਕਰਨ ਲਈ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਅਤੇ ਨਿੱਜੀ ਕੰਪਨੀਆਂ ਸਿਆਸੀ ਗਠਜੋੜ ਨਾਲ ਔਰਤਾਂ ਦੀ ਲੁੱਟ ਕਰਨ ਦੇ ਨਾਲ-ਨਾਲ ਖੱਜਲ ਖੁਆਰੀ ਵੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਲੁੱਟ ਦੀ ਨੀਤੀ ਤੇ ਚੱਲਦਿਆਂ ਹੀ ਸੱਤਿਆ ਮਾਈਕਰੋ ਫਾਈਨਾਂਸ ਕੰਪਨੀ ਵੱਲੋਂ ਪਿੰਡ ਰਾਮਾਨੰਦੀ ਵਿੱਚ ਸੁਖਪਾਲ ਕੌਰ ਪਤਨੀ ਜੁਗਰਾਜ ਸਿੰਘ ਨੂੰ ਬਿਮਾਰੀ ਸਮੇਂ ਬਣਦੀ ਯੋਗ ਮੁਆਵਜ਼ਾ ਰਾਸ਼ੀ ਦੇਣ ਲਈ ਪਿਛਲੇ ਲੰਬੇ ਸਮੇਂ ਤੋਂ ਲਾਰੇ ਲਗਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ,ਜਿਸ ਕਰਕੇ ਨਿੱਜੀ ਕੰਪਨੀਆਂ ਖਿਲਾਫ ਮਜ਼ਦੂਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਜ਼ਦੂਰਾਂ ਦੀ ਖੱਜਲ ਖੁਆਰੀ ਜਥੇਬੰਦੀ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸੱਤਿਆ ਮਾਈਕਰੋ ਫਾਈਨਾਂਸ ਕੰਪਨੀ ਵੱਲੋਂ ਯੋਗ ਮੁਆਵਜ਼ਾ ਰਾਸ਼ੀ ਦੇਣ ਲਈ ਦਿੱਤੇ ਗਏ 15 ਦਿਨਾਂ ਦੇ ਨਿਸ਼ਚਿਤ ਸਮੇਂ ਅੰਦਰ ਰਾਸ਼ੀ ਨਾਂ ਦੇਣ ਤੇ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਮਜ਼ਦੂਰਾਂ ਨੂੰ ਜਥੇਬੰਦ ਹੋਣ ਦੀ ਅਪੀਲ ਵੀ ਕੀਤੀ ਅਤੇ ਨਵੀਂ ਕਮੇਟੀ ਬਣਾਈ ਗਈ ਜਿਸਦੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਸਕੱਤਰ ਜੁਗਰਾਜ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਨੇ ਵੀ ਜਥੇਬੰਦੀ ਵੱਲ਼ੋਂ ਮਜ਼ਦੂਰਾਂ ਦੇ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਕੀਤਾ।ਇਸ ਮੌਕੇ ਖੁਸ਼ਪ੍ਰੀਤ ਸਿੰਘ,ਬਲਜੀਤ ਸਿੰਘ,ਗੁਰਨੈਬ ਸਿੰਘ,ਭਿੰਦਰ ਸਿੰਘ ,ਸੁਖਜੀਤ ਸਿੰਘ,ਟੇਕ ਸਿੰਘ,ਸੁਖਚੈਨ ਸਿੰਘ,ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *