ਨਵੀਂ ਦਿੱਲੀ, 3 ਜੂਨ, ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ਲਈ ਅੱਜ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਰਿਕਾਰਡ ਤੀਜੀ ਵਾਰ ਵੱਡੇ ਫਤਵੇ ਨਾਲ ਸੱਤਾ ਵਿਚ ਵਾਪਸੀ ’ਤੇ ਨਜ਼ਰਾਂ ਟਿਕਾਈ ਬੈਠੇ ਹਨ, ਉਥੇ ਕਾਂਗਰਸ ਸਣੇ ਵਿਰੋਧੀ ਧਿਰਾਂ ਦੀ ਸ਼ਮੂਲੀਅਤ ਵਾਲਾ ਇੰਡੀਆ ਗੱਠਜੋੜ ਅੱਜ ਕਿਸੇ ਵੱਡੇ ਉਲਟ ਫੇਰ ਦੀ ਆਸ ਵਿਚ ਹੈ। ਚੋਣ ਨਤੀਜਿਆਂ ਦੇ ਐਲਾਨ ਨਾਲ ਪਿਛਲੇ 80 ਦਿਨਾਂ ਤੋਂ ਜਾਰੀ ਮੈਰਾਥਨ ਚੋਣ ਅਮਲ ਵੀ ਮੁੱਕ ਜਾਵੇਗਾ। ਬਹੁਤੇ ਚੋਣ ਮਾਹਿਰ ਭਾਵੇਂ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦਾ ਹੱਥ ਉੱਤੇ ਮੰਨਦੇ ਹਨ, ਪਰ ਇਥੇ ਸੱਤਾਧਾਰੀ ਧਿਰ ਦਾ ਵੱਕਾਰ ਵੀ ਦਾਅ ’ਤੇ ਹੈ ਕਿ ਉਸ ਨੂੰ 2019 ਦੇ ਮੁਕਾਬਲੇ ਵੱਧ ਸੀਟਾਂ ਮਿਲਦੀਆਂ ਹਨ ਜਾਂ ਫਿਰ ਗਿਣਤੀ ਘਟਦੀ ਹੈ। ਕੌਮੀ ਪੱਧਰ ’ਤੇ ਅਸਰ ਰਸੂਖ਼ ਘਟਣ ਕਰਕੇ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਦਾ ਵੱਕਾਰ ਵੀ ਦਾਅ ’ਤੇ ਹੈ।
ਐਗਜ਼ਿਟ ਪੋਲ ਵਿਚ ਇਕਮਤ ਨਾਲ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ ਸਪਸ਼ਟ ਬਹੁਮਤ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ‘400 ਪਾਰ’ ਦੇ ਉਤਸ਼ਾਹੀ ਟੀਚੇ ਨੂੰ ਹਕੀਕੀ ਰੂਪ ਦੇਣ ਦੇ ਨੇੜੇ ਤੇੜੇ ਨਜ਼ਰ ਆਉਂਦੇ ਹਨ। ਐਗਜ਼ਿਟ ਪੋਲਾਂ ਵਿਚ ਇੰਡੀਆ ਗੱਠਜੋੜ ਨੂੰ 180 ਤੱਕ ਸੀਟਾਂ ਮਿਲਣ ਦੇ ਦਾਅਵੇ ਕੀਤੇ ਗਏ ਹਨ। ਸਾਰੀਆਂ ਪਾਰਟੀਆਂ ਭਾਵੇਂ ਚੋਣ ਫ਼ਤਵਿਆਂ ਨੂੰ ਇਤਿਹਾਸਕ ਤੌਰ ’ਤੇ ਸਵੀਕਾਰ ਕਰਦੀਆਂ ਰਹੀਆਂ ਹਨ, ਪਰ ਵਿਰੋਧੀ ਧਿਰਾਂ ਨੇ ਐਤਕੀਂ ਚੋਣ ਅਮਲ ਨੂੰ ਲੈ ਕੇ ਕਈ ਵੱਡੇ ਸਵਾਲ ਚੁੱਕੇ ਹਨ। ਵਿਰੋਧੀ ਧਿਰਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਚੋਣ ਨਿਗਰਾਨ ਨੂੰ ਵੋਟਾਂ ਦੀ ਗਿਣਤੀ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਧਰ ਭਾਜਪਾ ਨੇ ਪਲਟਵਾਰ ਕਰਦਿਆਂ ਕਾਂਗਰਸ ਤੇ ਇੰਡੀਆ ਗੱਠਜੋੜ ’ਤੇ ਭਾਰਤ ਦੇ ਚੋਣ ਅਮਲ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਭਾਜਪਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ‘ਹਿੰਸਾ ਤੇ ਗੜਬੜ’ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪਾਰਟੀ ਦੇ ਪ੍ਰਮੁੱਖ ਚੋਣ ਪ੍ਰਚਾਰਕ ਰਾਹੁਲ ਗਾਂਧੀ ਹਾਲਾਂਕਿ ਦਾਅਵਾ ਕਰਦੇ ਹਨ ਕਿ 543 ਮੈਂਬਰੀ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੇ ਗੱਠਜੋੜ ਨੂੰ 295 ਸੀਟਾਂ ਮਿਲਣਗੀਆਂ ਤੇ ਮੋਦੀ ਯੁੱਗ ਦਾ ਅੰਤ ਹੋਵੇਗਾ। ਉਧਰ ਖੱਬੀਆਂ ਪਾਰਟੀਆਂ ਸਣੇ ਕਈ ਖੇਤਰੀ ਪਾਰਟੀਆਂ- ਤ੍ਰਿਣਮੂਲ ਕਾਂਗਰਸ, ਬੀਜੇਡੀ, ਵਾਈਐੱਸਆਰ ਕਾਂਗਰਸ ਦੇ ਸਿਆਸੀ ਭਵਿੱਖ ਨੂੰ ਲੈ ਕੇ ਬੇਯਕੀਨੀ ਹੈ।