ਅੰਮ੍ਰਿਤਸਰ, 03 ਜੂਨ ,ਬੋਲੇ ਪੰਜਾਬ ਬਿਓਰੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਮੂਹ ਸੰਗਤਾਂ ਨੂੰ 6 ਜੂਨ ਦਾ ਘੱਲੂਘਾਰਾ ਦਿਵਸ ਅਮਨ, ਸ਼ਾਂਤੀ ਅਤੇ ਸਬਰ ਸੰਤੋਖ ਨਾਲ ਗੁਰਬਾਣੀ ਦੇ ਵੱਧ ਤੋਂ ਵੱਧ ਜਾਪ ਕਰਦਿਆਂ ਮਨਾਉਣ ਦੀ ਅਪੀਲ ਕੀਤੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਜੋ ਬੀਤੇ ਦਿਨੀਂ ਘੱਲੂਘਾਰਾ ਹਫ਼ਤੇ ਸੰਬੰਧੀ ਆਦੇਸ਼ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਦੇਸ਼ ਵਿਦੇਸ਼ ਵਸਦੇ ਸਮੂਹ ਸਿੰਘ 4 ਤੋਂ 6 ਜੂਨ ਤੱਕ ਸਿਰਾਂ ’ਤੇ ਕਾਲੀਆਂ ਦਸਤਾਰਾਂ ਸਜਾਉਣ ਅਤੇ ਬੀਬੀਆਂ ਕਾਲੇ ਦੁਪੱਟੇ ਲੈਣ। ਉਨ੍ਹਾਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਪਾਠ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪੱਟੇ ਸਜਾਉਣ ਦਾ ਮਨੋਰਥ ਸੋਗ ਨਹੀਂ ਬਲਕਿ ਇਕ ਤਰ੍ਹਾਂ ਨਾਲ ਤਤਕਾਲੀ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਰੋਸ ਪ੍ਰਗਟ ਕਰਨਾ ਹੈ। ਇਸੇ ਦੌਰਾਨ ਐਡਵੋਕੇਟ ਧਾਮੀ ਵਲੋਂ ਘੱਲੂਘਾਰਾ ਸਮਾਗਮ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।