ਲੁਧਿਆਣਾ, 3 ਜੂਨ, ਬੋਲੇ ਪੰਜਾਬ ਬਿਓਰੋ:
ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਵੱਖ-ਵੱਖ ਕੇਸ ਦਰਜ ਕੀਤੇ ਹਨ। ਪੁਲਸ ਨੇ ਜਾਂਚ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਖਿਲਾਫ ਕਾਰਵਾਈ ਕੀਤੀ ਹੈ। ਪੁਲਿਸ ਦੇ ਏ.ਐਸ.ਆਈ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਅਵਤਾਰ ਸਿੰਘ ਵਾਸੀ ਕੋਟ ਮੰਗਲ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਪੁਲੀਸ ਅਨੁਸਾਰ ਉਨ੍ਹਾਂ ਦੀ ਟੀਮ ਗਿੱਲ ਰੋਡ ‘ਤੇ ਆਈ.ਟੀ.ਆਈ. ਨੇੜੇ ਜਦੋਂ ਕਾਲਜ ਦੇ ਬਾਹਰ ਮੌਜੂਦ ਸੀ ਤਾਂ ਅਵਤਾਰ ਸਿੰਘ ਆਪਣੇ ਕਾਫਲੇ ਵਿੱਚ ਕਾਂਗਰਸ ਪਾਰਟੀ ਦੇ ਝੰਡੇ ਅਤੇ ਬੈਨਰ ਲੈ ਕੇ ਗਿੱਲ ਨਹਿਰ ਦੇ ਪੁਲ ਵਾਲੇ ਪਾਸੇ ਘੁੰਮ ਰਿਹਾ ਸੀ, ਜਿਸ ਵਿੱਚ 8 ਹੋਰ ਗੱਡੀਆਂ ਵੀ ਸ਼ਾਮਲ ਸਨ,ਉਦੋਂ ਚੋਣ ਪ੍ਰਚਾਰ ਰੁਕ ਗਿਆ ਸੀ। ਇਸ ਤਰ੍ਹਾਂ ਉਕਤ ਵਿਅਕਤੀਆਂ ਨੇ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਉਕਤ ਟੀਮ ਨੇ ਕਾਰਵਾਈ ਕਰਦਿਆਂ ਬਲਵੀਰ ਸਿੰਘ ਵਾਸੀ ਪਿੰਡ ਹਸਨਪੁਰ ਨੂੰ ਕਾਬੂ ਕੀਤਾ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲੀਸ ਪਾਰਟੀ ਗਸ਼ਤ ਦੌਰਾਨ ਮਾਈ ਦੀ ਚੱਕੀ ਨੇੜੇ ਮੌਜੂਦ ਸੀ ਤਾਂ ਬਲਵੀਰ ਸਿੰਘ ਆਪਣੀ ਕਾਰ ਵਿੱਚ ਬਾਬਾ ਮੁਕੰਦ ਸਿੰਘ ਸਕੂਲ ਵਾਲੇ ਪਾਸਿਓਂ ਸਵਾਰ ਹੋ ਕੇ ਆ ਰਿਹਾ ਸੀ, ਜਿਸ ਦੇ ਨਾਲ 4 ਹੋਰ ਵਾਹਨ ਵੀ ਮੌਜੂਦ ਸਨ ਜਿਨ੍ਹਾਂ ’ਤੇ ਆਮ ਆਦਮੀ ਪਾਰਟੀ ਦੇ ਬੈਨਰ ਸਨ। ਉਨ੍ਹਾਂ ਦੀਆਂ ਗੱਡੀਆਂ ‘ਤੇ ਝੰਡੇ ਅਤੇ ਪੋਸਟਰ ਲੱਗੇ ਹੋਏ ਸਨ ਅਤੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਉਹ ਪ੍ਰਚਾਰ ਕਰ ਰਹੇ ਸਨ ਅਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੁਲਜ਼ਮਾਂ ਖ਼ਿਲਾਫ਼ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਕੀਤੀ ਗਈ।