ਲੁਧਿਆਣਾ, 2 ਜੂਨ, ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਬੂਥ ਅੰਦਰ ਈ.ਵੀ.ਐਮ. ਆਲੇ-ਦੁਆਲੇ ਮੋਬਾਈਲ ਲੈ ਕੇ ਜਾਣ ਦੀ ਸਖ਼ਤ ਮਨਾਹੀ ਸੀ ਅਤੇ ਮੋਬਾਈਲ ‘ਤੇ ਫੋਟੋਆਂ ਜਾਂ ਵੀਡੀਓ ਲੈਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਕਈ ਲੋਕਾਂ ਨੇ ਪੋਲਿੰਗ ਬੂਥ ਦੇ ਅੰਦਰ ਆਪਣੇ ਮੋਬਾਈਲ ਫ਼ੋਨ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਸਮੇਂ ਫੋਟੋਆਂ ਖਿੱਚੀਆਂ ਅਤੇ ਵੀਡੀਓਜ਼ ਬਣਾਈਆਂ। ਇੰਨਾ ਹੀ ਨਹੀਂ ਉਨ੍ਹਾਂ ਨੇ ਉਹ ਵੀਡੀਓ ਫੋਟੋ ਆਪਣੇ ਸੋਸ਼ਲ ਪੇਜ ਫੇਸਬੁੱਕ ‘ਤੇ ਵੀ ਅਪਲੋਡ ਕਰ ਦਿੱਤੀ ਹੈ। ਅਜਿਹਾ ਕਰਕੇ ਉਨ੍ਹਾਂ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਪੋਲਿੰਗ ਬੂਥ ਵਿੱਚ ਮੋਬਾਈਲ ਫੋਨ ਲੈ ਕੇ ਵੀਡੀਓ ਬਣਾਉਣ ਦੇ ਦੋਸ਼ ਵਿੱਚ ਇੱਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਸਾਬਕਾ ਵਿਧਾਇਕ ਦੇ ਪੁੱਤਰ ਅਤੇ ਭਾਜਪਾ ਆਗੂ ਹਰੀਸ਼ ਉਰਫ਼ ਹਨੀ ਬੇਦੀ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਜਿਸ ਨੇ ਪੋਲਿੰਗ ਬੂਥ ਦੇ ਅੰਦਰ ਈ.ਵੀ.ਐਮ. ‘ਤੇ ਵੋਟ ਪਾਉਣ ਸਮੇਂ ਮੋਬਾਈਲ ‘ਤੇ ਵੀਡੀਓ ਅਤੇ ਫੋਟੋ ਬਣਾਈ। ਫਿਰ ਇਸ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ ਗਿਆ, ਜਦਕਿ ਸ਼ਹਿਰ ‘ਚ ਕਈ ਅਜਿਹੇ ਲੋਕ ਸਨ, ਜਿਨ੍ਹਾਂ ਨੇ ਵੋਟਿੰਗ ਦੌਰਾਨ ਫੋਟੋਆਂ ਜਾਂ ਵੀਡੀਓਜ਼ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ।