ਡੇਰਾਬੱਸੀ, 2 ਜੂਨ, ਬੋਲੇ ਪੰਜਾਬ ਬਿਓਰੋ:
ਗੁਰਦੁਆਰਾ ਪਾਉਂਟਾ ਸਾਹਿਬ ਨੇੜੇ ਯਮੁਨਾ ਵਿੱਚ ਇਸ਼ਨਾਨ ਕਰਨ ਗਏ 3 ਦੋਸਤਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਵਿੱਚ ਦੋ ਨੌਜਵਾਨ ਡੇਰਾਬੱਸੀ ਅਤੇ ਇੱਕ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ 22 ਸਾਲਾ ਧੀਰੇਂਦਰ ਸਿੰਘ ਸੈਣੀ ਉਰਫ ਪ੍ਰਿੰਸ ਵਾਸੀ ਜੀ.ਬੀ.ਪੀ. ਰੋਜ਼ਵੁੱਡ ਵਨ ਡੇਰਾਬੱਸੀ, 21 ਸਾਲਾ ਰਾਘਵ ਮਿਸ਼ਰਾ ਵਾਸੀ ਰੋਜ਼ਵੁੱਡ ਕਾਲੋਨੀ-2, ਬਰਵਾਲਾ ਰੋਡ, ਡੇਰਾਬੱਸੀ ਅਤੇ 21 ਸਾਲਾ ਅਭਿਸ਼ੇਕ ਆਜ਼ਾਦ ਵਾਸੀ ਸੈਕਟਰ-9 ਡੀ, ਚੰਡੀਗੜ੍ਹ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਪਾਉਂਟਾ ਸਾਹਿਬ ਪੁਲਿਸ ਨੂੰ ਸ਼ਾਮ ਕਰੀਬ 6 ਵਜੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ। ਪਤਾ ਲੱਗਾ ਹੈ ਕਿ ਇੱਕ ਨੂੰ ਡੁੱਬਦਾ ਦੇਖ ਕੇ ਬਚਾਉਣ ਆਏ ਦੋ ਦੋਸਤ ਵੀ ਯਮੁਨਾ ਦੇ ਪਾਣੀ ਵਿੱਚ ਡੁੱਬ ਗਏ। ਗੋਤਾਖੋਰਾਂ ਦੀ ਮਦਦ ਨਾਲ ਇਕ ਘੰਟੇ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੀਆਂ ਲਾਸ਼ਾਂ ਨੂੰ ਪਾਉਂਟਾ ਸਾਹਿਬ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਸੀ। ਪਰਿਵਾਰਕ ਮੈਂਬਰਾਂ ਦੇ ਪਾਉਂਟਾ ਸਾਹਿਬ ਪਹੁੰਚਣ ‘ਤੇ ਅਗਲੇਰੀ ਕਾਰਵਾਈ ਕੀਤੀ ਗਈ। ਤਿੰਨਾਂ ਦੋਸਤਾਂ ਦਾ ਸਸਕਾਰ ਕਰ ਦਿਤਾ ਗਿਆ।
ਨੌਜਵਾਨਾਂ ਦੀ ਥਾਰ ਜੀਪ ਪਾਉਂਟਾ ਸਾਹਿਬ ਗੁਰਦੁਆਰੇ ਦੀ ਪਾਰਕਿੰਗ ਵਿੱਚ ਖੜ੍ਹੀ ਸੀ। ਇਹ ਤਿੰਨੇ ਡੇਰਾਬੱਸੀ ਦੇ ਧਰਿੰਦਰ ਦੀ ਥਾਰ ਜੀਪ ਵਿੱਚ ਕਰੀਬ 2 ਵਜੇ ਪਾਉਂਟਾ ਸਾਹਿਬ ਗਏ ਸਨ। ਮੱਥਾ ਟੇਕਣ ਤੋਂ ਬਾਅਦ ਉਹ ਗੁਰਦੁਆਰੇ ਦੇ ਦਰਿਆ ਘਾਟ ਦੀਆਂ ਪੌੜੀਆਂ ਤੋਂ ਹੇਠਾਂ ਉਤਰੇ ਤਾਂ ਹਾਦਸੇ ਦਾ ਸ਼ਿਕਾਰ ਹੋ ਗਏ। ਕਾਫੀ ਸਮੇਂ ਬਾਅਦ ਸਰਚ ਟੀਮ ਨੂੰ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨਦੀ ‘ਚੋਂ ਮਿਲੀਆਂ। ਮੌਕੇ ‘ਤੇ ਨੌਜਵਾਨਾਂ ਦੇ ਕੱਪੜੇ ਅਤੇ ਮੋਬਾਈਲ ਫੋਨ ਬਰਾਮਦ ਕਰ ਲਏ ਗਏ ਸਨ।