ਫਰੀਦਾਬਾਦ, 2 ਜੂਨ, ਬੋਲੇ ਪੰਜਾਬ ਬਿਓਰੋ:
ਫਰੀਦਾਬਾਦ ਤੋਂ ਇਕ ਪਰਿਵਾਰ ਦੇ 10 ਤੋਂ 12 ਮੈਂਬਰ ਆਪਣੇ ਬਜ਼ੁਰਗ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਯਮੁਨਾ ਗਏ ਸਨ। ਅਸਥੀਆਂ ਜਲ ਪ੍ਰਵਾਹ ਕਰਨ ਲਈ ਪਰਿਵਾਰ ਦੇ 3 ਨੌਜਵਾਨ ਯਮੁਨਾ ਨਦੀ ਵਿਚ ਵੜੇ।ਜਿਵੇਂ ਹੀ ਉਹ ਕੁਝ ਦੂਰੀ ‘ਚ ਗਏ ਤਾਂ ਪਾਣੀ ਵਿਚ ਡੁੱਬਣ ਲੱਗੇ।
ਸ਼ੋਰ ਸੁਣ ਕੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਯਮੁਨਾ ਵਿਚ ਛਾਲ ਮਾਰ ਦਿੱਤੀ ਜਿਨ੍ਹਾਂ ਵਿਚੋਂ 2 ਨੂੰ ਲੋਕਾਂ ਨੇ ਬਾਹਰ ਕੱਢ ਲਿਆ ਜਦੋਂ ਕਿ ਇਕ ਨੌਜਵਾਨ ਡੂੰਘੇ ਪਾਣੀ ਵਿਚ ਡੁੱਬ ਗਿਆ। ਦੱਸਣਯੋਗ ਹੈ ਕਿ ਦਾਦੀ ਦੀਆਂ ਅਸਥੀਆਂ ਨੂੰ ਲੈ ਕੇ ਉਸ ਦੇ ਤਿੰਨ ਪੋਤੇ ਸੁਮਿਤ, ਅਮਿਤ ਤੇ ਦੀਪਕ ਯਮੁਨਾ ਨਦੀ ਵਿਚ ਵੜੇ ਸਨ ਪਰ ਕੁਝ ਦੂਰ ਜਾਣ ਦੇ ਬਾਅਦ ਡੁੱਬਣ ਲੱਗੇ। ਸੁਮਿਤ ਤੇ ਅਮਿਤ ਨੂੰ ਤਾਂ ਪਿੰਡ ਵਾਲਿਆਂ ਨੇ ਬਚਾ ਲਿਆ ਪਰ ਦੀਪਕ ਡੂੰਘੇ ਪਾਣੀ ਵਿਚ ਡੁੱਬ ਗਿਆ, ਜਿਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦੀਪਕ ਵਿਆਹੁਤਾ ਸੀ ਜਿਸ ਦੇ ਦੋ ਬੱਚੇ ਹਨ।
ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਤੇ NDRF ਦੀ ਟੀਮ ਡੁੱਬੇ ਹੋਏ ਦੀਪਕ ਦੀ ਭਾਲ ਵਿਚ ਲੱਗ ਗਈ। 6 ਘੰਟੇ ਦੀ ਮੁਸ਼ੱਕਤ ਦੇ ਬਾਅਦ ਯਮੁਨਾ ਵਿਚ ਡੁੱਬੇ ਹੋਏ ਦੀਪਕ ਦੀ ਦੇਹ ਨੂੰ ਬਰਾਮਦ ਕਰ ਲਿਆ ਗਿਆ ਹੈ।