ਬਠਿੰਡਾ, 1 ਜੂਨ, ਬੋਲੇ ਪੰਜਾਬ ਬਿਓਰੋ:
ਬਠਿੰਡਾ ਲੋਕ ਸਭਾ ਵਿਚ ਪੋਲਿੰਗ ਬੂਥਾਂ ‘ਤੇ ਵੋਟਿੰਗ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਸਣੇ ਪਿੰਡ ਵਿਚ ਵੋਟ ਪਾਈ। ਇਸ ਮੌਕੇ ਹਰਸਿਮਰਤ ਕੌਰ ਬਾਦਲ ਵੱਡੇ ਬਾਦਲ ਸਾਹਿਬ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ ਤੇ ਉਨ੍ਹਾਂ ਕਿਹਾ ਕਿ ਵੋਟ ਪਾਉਣ ਦੇ ਬਾਅਦ ਹਮੇਸ਼ਾ ਸਾਡੀ ਬਾਦਲ ਪਰਿਵਾਰ ਦੀ ਇਕ ਫੋਟੋ ਹੁੰਦੀ ਸੀ ਪਰ ਇਸ ਵਾਰ ਉਸ ਫੋਟੋ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨਹੀਂ ਹੋਣਗੇ।
ਦੱਸ ਦੇਈਏ ਕਿ ਸਵੇਰੇ 9 ਵਜੇ ਤੱਕ 9.74 ਫੀਸਦੀ ਮਤਦਾਨ ਹੋਇਆ ਹੈ। ਸਭ ਤੋਂ ਜ਼ਿਆਦਾ ਤਲਵੰਡੀ ਸਾਬੋ ਵਿਧਾਨ ਸਭਾ ਵਿਚ 13.72 ਫੀਸਦੀ ਮਤਦਾਨ ਹੋਇਆ ਹੈ ਜਦੋਂ ਕਿ ਸਭ ਤੋਂ ਘੱਟ 3 ਫੀਸਦੀ ਭੁੱਚੋ ਮੰਡੀ ਵਿਚ ਵੋਟਿੰਗ ਹੋਈ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਸੀ ਜੋ ਸ਼ਾਮ 6 ਵਜੇ ਤੱਕ ਚੱਲੇਗੀ। ਇਸ ਸੀਟ ‘ਤੇ ਕੁੱਲ ਵੋਟਰ 16 ਲੱਖ 48 ਹਜ਼ਾਰ 866 ਵੋਟਰ ਹਨ। ਇਨ੍ਹਾਂ ਵਿਚ ਪੁਰਸ਼ 8,68,959 ਤੇ 7,79,873 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 34 ਟ੍ਰਾਂਸਜੈਂਡਰ ਵੋਟਰ ਹਨ।
ਇਸ ਸੀਟ ‘ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਭਾਜਪਾ ਦੀ ਸਾਬਕਾ IAS ਅਫਸਰ ਪਰਮਪਾਲ ਕੌਰ ਸਿੱਧੂ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਜੀਤ ਮੋਹਿੰਦਰ ਸਿੰਘ ਵਿਚ ਹੈ। ਇਸ ਸੀਟ ‘ਤੇ ਕੁੱਲ 18 ਉਮੀਦਵਾਰ ਮੈਦਾਨ ਵਿਚ ਹਨ।