ਪਟਿਆਲਾ, 31 ਮਈ, ਬੋਲੇ ਪੰਜਾਬ ਬਿਓਰੋ:
ਸਰਕਾਰੀ ਟੀ.ਬੀ. ਹਸਪਤਾਲ ‘ਚ ਬੀਤੇ ਦਿਨੀਂ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਸਪਤਾਲ ਦੀ ਇਮਾਰਤ ਸ਼ਹਿਰ ਦੇ ਵਿਚਕਾਰ ਹੈ ਅਤੇ ਇਸ ਦੇ ਆਲੇ-ਦੁਆਲੇ ਸੰਘਣੀ ਆਬਾਦੀ ਹੈ। ਇਹ ਅੱਗ ਹਸਪਤਾਲ ਦੇ ਵਾਰਡ ਨੰ. 6 ਦੇ ਡਾਕਟਰ ਦੇ ਕਮਰੇ ਨੂੰ ਲੱਗੀ, ਜਿਸ ਕਾਰਨ ਕਮਰਾ ਸੜ ਕੇ ਸੁਆਹ ਹੋ ਗਿਆ। ਜਿਸ ਸਮੇਂ ਅੱਗ ਲੱਗੀ ਉਸ ਸਮੇਂ ਵਾਰਡ ਵਿੱਚ 16 ਦੇ ਕਰੀਬ ਮਰੀਜ਼ ਸਨ।
ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੇ ਇੰਚਾਰਜ ਸਟੇਸ਼ਨ ਫਾਇਰ ਅਫਸਰ ਰਜਿੰਦਰ ਕੌਸ਼ਲ ਨੇ ਤੁਰੰਤ ਸਬ ਫਾਇਰ ਅਫਸਰ ਵਿਸ਼ਾਲ ਕੁਮਾਰ ਦੀ ਅਗਵਾਈ ਹੇਠ ਅੱਗ ਬੁਝਾਊ ਗੱਡੀ ਸਮੇਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਰਵਾਨਾ ਕੀਤਾ। ਸਬ ਫਾਇਰ ਅਫ਼ਸਰ ਵਿਸ਼ਾਲ ਕੁਮਾਰ ਨੇ ਡਰਾਈਵਰ ਰਣ ਸਿੰਘ, ਫਾਇਰਮੈਨ ਸੁਮਿਤ ਕੁਮਾਰ, ਗੁਰਿੰਦਰ ਸਿੰਘ ਅਤੇ ਨਰਿੰਦਰ ਸਿੰਘ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਇਆ। ਸਟੇਸ਼ਨ ਫਾਇਰ ਅਫ਼ਸਰ ਰਾਜਿੰਦਰ ਕੌਸ਼ਲ ਵੀ ਮੌਕੇ ‘ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਦੀ ਟੀਮ ਸਮੇਤ ਸਾਰੇ ਮਰੀਜ਼ਾਂ ਨੂੰ ਬਚਾਇਆ। ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।