ਚੰਡੀਗੜ੍ਹ, 31 ਮਈ ਬੋਲੇ ਪੰਜਾਬ ਬਿਉਰੋ: ਪੰਜਾਬ, ਹਰਿਆਣਾ ਸਣੇ ਪੂਰੇ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਵਿੱਚ ਲਗਾਤਾਰ ਤੀਜੇ ਦਿਨ ਤਾਪਮਾਨ 48 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ, ਉੱਥੇ ਕੌਮੀ ਰਾਜਧਾਨੀ ਦਿੱਲੀ ’ਚ ਮੀਂਹ ਪੈਣ ਮਗਰੋਂ ਲੋਕਾਂ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ।
ਵੈਸਟਰਨ ਡਿਸਟਰਬੈਂਸ (Monsoon Red alert) ਦੇ ਸਰਗਰਮ ਹੋਣ ਕਾਰਨ ਇਹ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਇਸ ਨਾਲ 1 ਤੇ 2 ਜੂਨ ਨੂੰ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਤੋਂ 3 ਦਿਨਾਂ ਵਿਚ ਤਾਪਮਾਨ ਵਿੱਚ 1 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ।
ਪੰਜਾਬ ਵਿਚ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਈ ਹੈ। ਇਸ ਕਰਕੇ ਬੀਤੀ ਸ਼ਾਮ ਨੂੰ ਸੂਬੇ ਦੇ ਕੁਝ ਇਲਾਕਿਆਂ ‘ਚ ਹਲਕੀ ਧੂੜ ਭਰੀਆਂ ਹਵਾਵਾਂ ਚੱਲੀਆਂ। ਅੱਜ ਰਾਤ ਤੋਂ ਸੂਬੇ ਵਿਚ ਮੌਸਮ ਬਦਲ ਸਕਦਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ, ਤੂਫਾਨ ਤੇ ਬਾਰਸ਼ ਹੋ ਸਕਦੀ ਹੈ। ਇਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ।