ਮੁਕੇਰੀਆਂ, 31 ਮਈ,ਬੋਲੇ ਪੰਜਾਬ ਬਿਓਰੋ:
ਬੀਤੀ ਰਾਤ ਮੁਕੇਰੀਆਂ ਸਬ ਡਵੀਜ਼ਨ ਦੇ ਪਿੰਡ ਸਾਹਿਬ ਦਾ ਪਿੰਡ ਵਿੱਚ ਚੋਰਾਂ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚੋਂ ਵੋਟਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਲਗਾਏ ਕੈਮਰਿਆਂ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਸਬੰਧੀ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਸਕੂਲ ਦਾ ਸਫ਼ਾਈ ਕਰਮਚਾਰੀ ਸਫ਼ਾਈ ਕਰਨ ਲਈ ਸਕੂਲ ਪੁੱਜਿਆ ਤਾਂ ਉਸ ਨੇ ਸਕੂਲ ਦੇ ਦਰਵਾਜ਼ਿਆਂ ਦੇ ਟੁੱਟੇ ਤਾਲੇ ਵੇਖ ਕੇ ਉਨ੍ਹਾਂ ਨੂੰ ਇਸ ਬਾਰੇ ਦੱਸਿਆ, ਜਿਸ ‘ਤੇ ਉਹ ਹੋਰ ਲੋਕਾਂ ਨਾਲ ਸਕੂਲ ਪਹੁੰਚਿਆ ਅਤੇ ਦੇਖਿਆ ਕਿ ਸਕੂਲ ਦੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ।
ਇਸ ਸਬੰਧੀ ਸਕੂਲ ਅਧਿਆਪਕਾ ਗਗਨਦੀਪ ਕੌਰ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਤੁਰੰਤ ਸਕੂਲ ਪਹੁੰਚ ਕੇ ਦੱਸਿਆ ਕਿ ਸਕੂਲ ਦੇ ਸਾਮਾਨ ਦੇ ਨਾਲ-ਨਾਲ ਚੋਰਾਂ ਨੇ ਚੋਣਾਂ ਦੇ ਮੱਦੇਨਜ਼ਰ ਕੁਝ ਦਿਨ ਪਹਿਲਾਂ ਸਕੂਲ ਦੇ ਅੰਦਰ ਚੋਣ ਕਮਿਸ਼ਨ ਵੱਲੋਂ ਲਗਾਏ ਕੈਮਰੇ ਵੀ ਚੋਰੀ ਕਰ ਲਏ।ਇਸ ਦੇ ਨਾਲ ਹੀ ਚੋਰਾਂ ਨੇ ਇਕ ਕੰਪਿਊਟਰ ਸੈੱਟ, ਇਕ ਐਲ.ਈ.ਡੀ., ਦੋ ਕੀ-ਬੋਰਡ ਵੀ ਚੋਰੀ ਕਰ ਲਏ ਸਨ।ਬੱਚਿਆਂ ਲਈ ਲਗਾਇਆ ਇੱਕ ਪ੍ਰੋਜੈਕਟਰ, ਅਲਮਾਰੀ ਦਾ ਸਮਾਨ, ਇੱਕ ਪੰਪ ਚੋਰੀ ਹੋ ਗਿਆ। ਇਸ ਤੋਂ ਇਲਾਵਾ ਸਕੂਲ ਦਾ ਹੋਰ ਕਿਹੜਾ ਸਾਮਾਨ ਚੋਰੀ ਹੋਇਆ ਹੈ, ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਥਾਣਾ ਮੁਕੇਰੀਆਂ ਨੂੰ ਦੇ ਦਿੱਤੀ ਗਈ ਹੈ।