ਪਟਿਆਲਾ: ਬੋਲੇ ਪੰਜਾਬ ਬਿਉਰੋ: ਪਟਿਆਲਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਵਿਚ 7 ਹਜ਼ਾਰ ਕਰੋੜ ਰੁਪਏ ਦਾ ਵੱਡਾ ਘਪਲਾ ਹੋਣ ਦਾ ਦਾਅਵਾ ਅੰਕੜੇ ਜਾਰੀ ਕਰਦੇ ਕੀਤਾ ਹੈ। ਉਹਨਾਂ ਐਲਾਨ ਕੀਤਾ ਕਿ ਉਹ ਇਸ ਘੁਟਾਲੇ ਦੀ ਸ਼ਿਕਾਇਤ ਪੰਜਾਬ ਦੇ ਰਾਜਪਾਲ ਨੂੰ ਕਰ ਕੇ ਇਸ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਮੰਗਣਗੇ।
ਐਨ ਕੇ ਸ਼ਰਮਾ ਨੇ ਦੱਸਿਆ ਕਿ ਪੀ ਐਸ ਪੀ ਸੀ ਐਲ ਵਿਚ ਦਿੱਲੀ ਦੀਆਂ ਕੰਪਨੀਆਂ ਟੈਲੀਪਰਮਾਰਮੈਂਸ ਗਲੋਬਲ ਪ੍ਰਾਈਵੇਟ ਲਿਮਟਿਡ ਅਤੇ ਵਿਜ਼ਨ ਪਲੱਸ ਸਕਿਊਰਿਟੀ ਕੰਟਰੋਲ ਪ੍ਰਾਈਵੇਟ ਲਿਮਟਿਡ ਰਾਹੀਂ 8 ਹਜ਼ਾਰ ਦੇ ਕਰੀਬ ਮੁਲਾਜ਼ਮ ਆਊਟਸੋਰਸ ਰਾਹੀਂ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਮੁਲਾਜ਼ਮਾਂ ਦੀ ਕਾਗਜ਼ਾਂ ਵਿਚ ਤਨਖਾਹ ਡੀ ਸੀ ਰੇਟ ’ਤੇ ਕਰੀਬਨ 11409 ਰੁਪਏ ਦੱਸੀ ਗਈ ਹੈ ਜਦੋਂ ਕਿ ਅਸਲ ਵਿਚ ਇਹਨਾਂ ਨੂੰ ਸਿਰਫ 7300 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ।
ਉਹਨਾਂ ਅੱਗੇ ਦੱਸਿਆ ਕਿ ਇਹਨਾਂ ਮੁਲਾਜ਼ਮਾਂ ਦੇ ਨਾਂ ’ਤੇ ਪੀ ਐਸ ਪੀ ਸੀ ਐਲ ਤੋਂ 4309 ਰੁਪਏ ਹਾਊਸਰੈਂਟ ਲਿਆ ਜਾ ਰਿਹਾ ਜੋ ਕੰਪਨੀਆਂ ਰਾਹੀਂ ਕੇਜਰੀਵਾਲ, ਭਗਵੰਤ ਮਾਨ, ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਪਾਵਰਕਾਮ ਮੈਨੇਜਮੈਂਟ ਦੇ ਖਾਤੇ ਵਿਚ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸੇ ਤਰੀਕੇ ਤੇਲ ਭੱਤਾ 2500 ਰੁਪਏ ਪ੍ਰਤੀ ਮੁਲਾਜ਼ਮ ਪ੍ਰਤੀ ਮਹੀਨਾ ਪੀ ਐਸ ਪੀ ਸੀ ਐਲ ਤੋਂ ਲਿਆ ਜਾ ਰਿਹਾ ਹੈ ਪਰ ਮੁਲਾਜ਼ਮਾਂ ਨੂੰ ਨਹੀਂ ਦਿੱਤਾ ਜਾ ਰਿਹਾ ਤੇ ਕੰਪਨੀ ਕੋਲ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁਲਾਜ਼ਮਾਂ ਈ ਪੀ ਐਫ ਉਹਨਾਂ ਦੀ ਪੂਰੀ ਤਨਖਾਹ ’ਤੇ ਦੇਣਾ ਬਣਦਾ ਹੈ ਪਰ ਇਹ ਸਿਰਫ 7300 ਰੁਪਏ ’ਤੇ ਦਿੱਤਾ ਜਾ ਰਿਹਾ ਹੈ ਜਦੋਂ ਪੀ ਐਸ ਪੀ ਸੀ ਐਲ ਤੋਂ ਨਕਲੀ ਰਸੀਦਾਂ ਬਣਾ ਕੇ ਪੂਰੀ ਤਨਖਾਹ ਅਨੁਸਾਰ ਈ ਪੀ ਅਫ ਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਘੁਟਾਲਾ ਤਰਕੀਬਨ 426 ਕਰੋੜ ਰੁਪਏ ਦਾ ਬਣਦਾ ਹੈ।
ਇਸੇ ਤਰੀਕੇ ਪੀ ਐਸ ਪੀ ਸੀ ਐਲ ਵੱਲੋਂ ਖਰੀਦੇ ਜਾਂਦੇ ਖੰਭਿਆਂ, ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਾਂ ਤੇ ਹੋਰ ਸਮਾਨ ’ਤੇ ਖਰੀਦ ਦੇ ਨਾਂ ’ਤੇ ਵੱਡੀ ਲੁੱਟ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹਰਿਆਣਾ ਵਿਚ ਜਿਹੜਾ 9 ਮੀਟਰ ਦਾ ਖੰਭਾ 2500 ਰੁਪਏ ਦਾ ਹੈ, ਉਹ ਪੰਜਾਬ ’ਚ 5200 ਰੁਪਏ ਦਾ ਲਿਆ ਜਾ ਰਿਹਾ ਹੈ। ਇਸੇ ਤਰੀਕੇ 11 ਮੀਟਰ ਦਾ ਖੰਭਾ 5200 ਰੁਪਏ ਦਾ ਲਿਆ ਜਾ ਰਿਹਾ ਹੈ, ਇਥੇ 10976 ਰੁਪਏ ਦਾ ਖਰੀਦਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਖਰੀਦੋ ਫਰੋਖ਼ਤ ਵਿਚ ਸਿੱਧੇ ਤੌਰ ’ਤੇ ਤਕਰੀਬਨ 6 ਹਜ਼ਾਰ ਕਰੋੜ ਰੁਪਏ ਦੀ ਸਿੱਧੀ ਲੁੱਟ ਕੀਤੀ ਜਾ ਰਹੀ ਹੈ।
ਬਿਜਲੀ ਕੰਪਨੀ ਨੇ 2 ਲੱਖ ਸਮਾਰਟ ਮੀਟਰ ਖਰੀਦੇ ਹਨ ਜਿਹਨਾਂ ਦੀ ਖਰੀਦ ਵਿਚ ਵੀ ਵੱਡਾ ਘਪਲਾ ਵੀ ਹੈ ਤੇ ਐਨਫੋਰਸਮੈਂਟ ਬਠਿੰਡਾ ਨੇ ਆਪਣੀ ਰਿਪੋਰਟ ਵਿਚ ਤਸਦੀਕ ਕੀਤਾ ਹੈ ਕਿ ਇਹ ਮੀਟਰ 9 ਫੀਸਦੀ ਜ਼ਿਆਦਾ ਰਫਤਾਰ ਨਾਲ ਚਲਦੇ ਹਨ। ਇਸਦਾ ਮਤਲਬ ਇਹ ਹੈ ਕਿ ਜਦੋਂ ਖਪਤਕਾਰ 260 ਯੂਨਿਟਾਂ ਖਪਤ ਕਰਦਾ ਹੈ ਤਾਂ ਮੀਟਰ 300 ਯੂਨਿਟ ਸ਼ੋਅ ਕਰਦਾ ਯਾਨੀ ਦਰਸਾਉਂਦਾ ਹੈ।