ਹੁਸ਼ਿਆਰਪੁਰ, 30 ਮਈ, ਬੋਲੇ ਪੰਜਾਬ ਬਿਓਰੋ:
ਦਸੂਹਾ-ਹੁਸ਼ਿਆਰਪੁਰ ਰੋਡ ‘ਤੇ ਸਥਿਤ ਟੋਲ ਪਲਾਜ਼ਾ ਮਾਨਗੜ੍ਹ ਦੇ ਨਜ਼ਦੀਕ ਸੜਕ ਕਿਨਾਰੇ ਪੰਚਾਇਤੀ ਜ਼ਮੀਨ ‘ਚ ਝਾੜੀਆਂ ਵਿਚੋਂ ਦੇਰ ਸ਼ਾਮ ਇੱਕ 18 ਸਾਲਾਂ ਲੜਕੀ ਦੀ ਲਾਸ਼ ਬਰਾਮਦ ਹੋਣ ‘ਤੇ ਇਲਾਕੇ ਵਿੱਚ ਸਨਸਨੀ ਫੈਲ ਗਈ। ਜਿਸਦੀ ਪਹਿਚਾਣ ਗੁਰਲੀਨ ਕੌਰ ਪੁੱਤਰੀ ਡਾ. ਮਨਜੀਤ ਸਿੰਘ ਨਿਵਾਸੀ ਪਿੰਡ ਮਾਨਗੜ ਵਜੋ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਲੀਨ ਕੌਰ +2 ਕਰਨ ਤੋਂ ਬਾਅਦ ਗੜ੍ਹਦੀਵਾਲਾ ਦੇ ਕੋਕਲਾ ਮਾਰਕੀਟ ਵਿੱਚ ਸਥਿਤ ਇੱਕ ਕੰਪਿਊਟਰ ਸੈਂਟਰ ‘ਤੇ ਕੰਪਿਊਟਰ ਦਾ ਕੋਰਸ ਕਰ ਰਹੀ ਸੀ।
ਬੁੱਧਵਾਰ ਮ੍ਰਿਤਕ ਗੁਰਲੀਨ ਕੌਰ ਡੇਢ ਵਜੇ ਦੇ ਕਰੀਬ ਕੰਪਿਊਟਰ ਸਿੱਖਣ ਲਈ ਘਰੋਂ ਗੜ੍ਹਦੀਵਾਲਾ ਆਈ ਸੀ ਅਤੇ 3.30 ਵਜੇ ਦੇ ਕਰੀਬ ਉਸ ਨੂੰ ਛੁੱਟੀ ਹੋ ਗਈ। ਇਸ ਦੌਰਾਨ ਮ੍ਰਿਤਕ ਗੁਰਲੀਨ ਕੌਰ ਜਦੋਂ ਆਪਣੇ ਪਿੰਡ ਜਾਣ ਲਈ ਬੱਸ ਸਟੈਂਡ ਤੇ ਖੜ੍ਹੀ ਸੀ ਤਾਂ ਉਸ ਵੇਲੇ ਉਸਦੇ ਨਾਨੇ ਧਰਮ ਸਿੰਘ ਪਿੰਡ ਮਾਹੀ ਦਾ ਬਡਾਲਾ ਨੇ ਲੜਕੀ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੂੰ ਕਿੱਥੇ ਹੈ ਅਤੇ ਮ੍ਰਿਤਕ ਗੁਰਲੀਲ ਕੌਰ ਨੇ ਕਿਹਾ ਕਿ ਉਹ ਪਿੰਡ ਨੂੰ ਜਾਣ ਲਈ ਗੜ੍ਹਦੀਵਾਲਾ ਦੇ ਬੱਸ ਸਟੈਂਡ ਤੇ ਖੜ੍ਹੀ ਹੈ। ਲੇਕਿਨ ਉਸ ਤੋਂ ਬਾਅਦ ਦੇਰ ਸ਼ਾਮ ਮਾਨਗੜ੍ਹ ਟੋਲ ਪਲਾਜ਼ਾ ਕੋਲ ਸੜਕ ਕਿਨਾਰੇ ਝਾੜੀਆਂ ਵਿੱਚੋਂ ਉਸ ਦੀ ਲਾਸ਼ ਰਾਹਗੀਰਾਂ ਵਲੋਂ ਦੇਖੀ ਗਈ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਲਾਸ਼ ਦੀ ਸ਼ਨਾਖਤ ਕਰਕੇ ਉਸ ਦੇ ਘਰਦਿਆਂ ਨੂੰ ਇਤਲਾਹ ਦਿੱਤੀ। ਪੁਲਸ ਨੇ ਫਿਲਹਾਲ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਇਸ ਕਤਲ ਕਾਂਡ ਦੀ ਤਫਸ਼ੀਸ਼ ਆਰੰਭ ਕਰ ਦਿੱਤੀ ਹੈ। ਵਾਰਦਾਤ ਵਾਲੀ ਜਗ੍ਹਾ ਤੋਂ ਪੁਲਸ ਨੇ ਇਕ ਤੇਜ਼ਧਾਰ ਕਿਰਚ ਵੀ ਬਰਾਮਦ ਕੀਤੀ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਨੇ ਲੜਕੀ ਦਾ ਕਤਲ ਕੀਤਾ ਹੈ।