ਲੀਡਰ ਨੀ ਬਲਕਿ ਸੇਵਾਦਾਰ ਬਣਕੇ ਸ਼ਰਮਾ ਪਰਿਵਾਰ ਤਿੰਨ ਦਹਾਕਿਆਂ ਤੋਂ ਹਲਕੇ ਦੀ ਸੇਵਾ ਕਰ ਰਿਹਾ-ਪਰਮਿੰਦਰ ਸ਼ਰਮਾ
ਲਾਲੜੂ 30 ਮਈ ,ਬੋਲੇ ਪੰਜਾਬ ਬਿਓਰੋ:
“ਅਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਵੋਟ ਦੀ ਖਾਤਰ ਗਰੀਬਾਂ ਦਲਿਤਾਂ ਅਤੇ ਪਛੜੇ ਪਰਿਵਾਰਾਂ ਦਾ ਲਗਾਤਾਰ ਸ਼ੋਸ਼ਣ ਕਰਦੀ ਆ ਰਹੀ ਹੈ ਜਿਸ ਕਾਰਨ ਇਹ ਸਮਾਜ ਆਪਣੀਆਂ ਬੁਨਿਆਦੀ ਸਹੂਲਤਾਂ ਨੂੰ ਵਿਲਕ ਰਿਹਾ ਹੈ, “ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਅਤੇ ਦਲਿਤ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਸਥਾਨਕ ਬਿਜਲੀ ਬੋਰਡ ਕਾਲੋਨੀ ਵਿੱਚ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਦੀ ਇੱਕ ਭਰਵੀਂ ਚੋਣ ਮੀਟਿੰਗ ਦੌਰਾਨ ਮਜ਼ਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਸੁਪਰੀਮੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਪ੍ਰਤੀ ਸੁਨਿਹਰੇ ਵਿਜ਼ਨ ਨੂੰ ਆਮ ਅਤੇ ਕਾਂਗਰਸ ਪਾਰਟੀ ਨੇ ਪਿਛਲੇ ਕਰੀਬ 8 ਸਾਲ ਤੋਂ ਰੋਲਕੇ ਰੱਖ ਦਿੱਤਾ ਹੈ। ਸ਼੍ਰੀ ਪੁਰਖਾਲਵੀ ਨੇ ਲੋਕਾਂ ਨੂੰ ਜਜ਼ਬਾਤੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਦੇ ਨਾਲ-ਨਾਲ ਮਹਿਲਾਵਾਂ ਤੇ ਜਵਾਨੀ ਦੇ ਭਵਿੱਖ ਦੀ ਸਲਾਮਤੀ ਲਈ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਜੋ ਪੰਜਾਬ ਦੇ ਬਹੁ-ਪੱਖੀ ਵਿਕਾਸ ਨੂੰ ਮੁੜ ਲੀਹ ਤੇ ਲਿਆਂਦਾ ਜਾ ਸਕੇ।
ਮੀਟਿੰਗ ਵਿੱਚ ਅਕਾਲੀ ਉਮੀਦਵਾਰ ਦੇ ਭਰਾ ਸ਼੍ਰੀ ਪਰਮਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੂੰ ਕਾਲੋਨੀ ਵਾਸੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਮੁੱਚਾ ਸ਼ਰਮਾ ਪਰਿਵਾਰ ਪਿਛਲੇ ਤਿੰਨ ਦਹਾਕਿਆਂ ਤੋਂ ਬਿਨ੍ਹਾਂ ਕਿਸੇ ਭੇਦ-ਭਾਵ ਖਿੱਤੇ ਵਿੱਚ ਇੱਕ ਸੱਚਾ-ਸੁੱਚਾ ਸੇਵਾਦਾਰ ਬਣਕੇ ਪੂਰੀ ਸ਼ਿੱਦਤ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਖੁਸ਼ਕਿਸਮਤੀ ਹੈ ਜਿਹੜਾ ਤੁਹਾਡੇ ਆਪਣੇ ਪਰਿਵਾਰ ਦੇ ਜੀਅ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਿਸ ਦਾ ਸਾਨੂੰ ਭਰਪੂਰ ਲਾਹਾ ਲੈਂਦਿਆਂ ਅਕਾਲੀ ਦਲ ਦੇ ਉਮੀਦਵਾਰ ਸ਼੍ਰੀ ਐਨ ਕੇ ਸ਼ਰਮਾ ਨੂੰ ਸਫਲ ਬਣਾਉਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਮੇਂ ਇਸ ਹਲਕੇ ਤੋਂ ਲੋਕ ਸਭਾ ਮੈਂਬਰ ਬਣਨ ਵਾਲੇ ਰਜਵਾੜਿਆਂ ਨੇ ਕਦੇ ਵੀ ਲੋਕਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਇਲਾਕਾ ਪਛੜਦਾ ਹੀ ਚਲਾ ਗਿਆ। ਸ਼੍ਰੀ ਪਰਮਿੰਦਰ ਸ਼ਰਮਾ ਨੇ ਐਲਾਨ ਕੀਤਾ ਕਿ ਸ਼ਰਮਾ ਦੀ ਜਿੱਤ ਉਪਰੰਤ ਨੌਜਵਾਨਾਂ ਲਈ ਰੋਜ਼ਗਾਰ ਅਤੇ ਮਜ਼ਦੂਰਾਂ ਲਈ ਪੱਕੀਆਂ ਕਾਲੋਨੀਆਂ ਦਾ ਬੰਦੋਬਸਤ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਸਰਪੰਚ ਸ਼ਿਵਦੇਵ ਕੁਰਲੀ, ਕੌਸ਼ਲ ਪ੍ਰਧਾਨ ਬੱਲੂ ਰਾਣਾ, ਚੇਅਰਮੈਨ ਗੁਰਵਿੰਦਰ ਸਿੰਘ, ਲੀਗਲ ਸੈੱਲ ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਜ਼ਿਲ੍ਹਾ ਜਨਰਲ ਸਕੱਤਰ ਡਾ: ਹਰਪ੍ਰੀਤ ਸਿੰਘ, ਮੁਖਤਿਆਰ ਸਿੰਘ ਰਾਜਲਾ, ਸੋਹਣ ਸਿੰਘ, ਵਿਜੇ ਕੁਮਾਰ ਅਤੇ ਲੱਕੀ ਲਾਲੜੂ ਸਮੇਤ ਅਨੇਕਾਂ ਆਗੂ ਹਾਜ਼ਰ ਸਨ।