ਚੰਡੀਗੜ੍ਹ, 30 ਮਈ, ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਵਿੱਚ ਪਿਛਲੇ ਮਹੀਨੇ ਤੋਂ ਚੱਲੀ ਆ ਰਹੀ ਗਹਿਮਾ-ਗਹਿਮੀ ਅੱਜ ਖ਼ਤਮ ਹੋ ਜਾਵੇਗੀ ਕਿਉਂਕਿ 1 ਜੂਨ ਨੂੰ ਵੋਟਾਂ ਪੈਣ ਦਾ ਦਿਨ ਹੋਣ ਕਾਰਨ 30 ਮਈ ਨੂੰ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਜਾਵੇਗਾ।
ਇਸ ਤੋਂ ਬਾਅਦ ਕੋਈ ਵੀ ਸਿਆਸੀ ਪਾਰਟੀ ਰੈਲੀਆਂ, ਜਲਸੇ, ਲਾਊਡ ਸਪੀਕਰ, ਪ੍ਰਚਾਰ ਵਾਹਨਾਂ ਅਤੇ ਹੋਰ ਪ੍ਰਚਾਰ ਦੇ ਤਰੀਕਿਆਂ ਦੀ ਵਰਤੋਂ ਨਹੀਂ ਕਰ ਸਕੇਗੀ। ਸਿਰਫ਼ ਸਿਆਸੀ ਪਾਰਟੀਆਂ 4 ਲੋਕਾਂ ਨਾਲ ਹੀ ਘਰ-ਘਰ ਪ੍ਰਚਾਰ ਕਰ ਸਕਣਗੀਆਂ।
ਜ਼ਿਲ੍ਹਾ ਪ੍ਰਸ਼ਾਸਨ ਨੇ ਚੋਣ ਜ਼ਾਬਤੇ ਅਤੇ ਨਿਯਮਾਂ ਨੂੰ ਲਾਗੂ ਕਰਨ ਲਈ ਵੀ ਕਮਰ ਕੱਸ ਲਈ ਹੈ ਅਤੇ ਵੋਟਿੰਗ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਕਈ ਪਾਬੰਦੀਆਂ ਦੇ ਹੁਕਮ ਵੀ ਜਾਰੀ ਕੀਤੇ ਹਨ ਤਾਂ ਜੋ ਸਮੁੱਚੀ ਚੋਣ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਦੌਰਾਨ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਵਿੱਚ ਕੋਈ ਸੰਕੋਚ ਨਹੀਂ ਕੀਤਾ ਜਾਵੇਗਾ।