ਇਨਕਲਾਬੀ ਪਾਰਟੀ ਨੇ ਗਰੀਬਾਂ ਦਾ ਰੱਜਕੇ ਸ਼ੋਸ਼ਣ ਕੀਤਾ-ਪਰਵਿੰਦਰ ਸੁਹਾਣਾ
ਮੁਹਾਲੀ 29 ਮਈ ,ਬੋਲੇ ਪੰਜਾਬ ਬਿਓਰੋ:
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਨੂੰ ਹੁਲਾਰਾ ਦੇਣ ਲਈ ਵਿਧਾਨ ਸਭਾ ਹਲਕਾ ਮੁਹਾਲੀ ਦੇ ਇੰਚਾਰਜ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਅਧੀਨ ਜਗਤਪੁਰਾ ਵਿੱਚ ਪੈਂਦੀ ਗੁਰੂ ਨਾਨਕ ਕਾਲੋਨੀ ਵਿੱਚ ਇੱਕ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹਾਲ ਈ ਵਿੱਚ ਹੋਂਦ ‘ਚ ਆਏ ਆਪ ਅਤੇ ਕਾਂਗਰਸ ਦੇ ਕੁਲਿਹਣੇ ਗੱਠਜੋੜ ਨੇ ਗਰੀਬਾਂ ਅਤੇ ਮਜ਼ਦੂਰਾਂ ਦਾ ਰੱਜਕੇ ਸ਼ੋਸ਼ਣ ਕੀਤਾ ਜਿਸ ਕਾਰਨ ਇਹ ਸਮਾਜ ਅੱਜ ਗੁਰਬਤ ਹੰਢਾਉਣ ਲਈ ਮਜਬੂਰ ਹੈ। ਬੀਬੀਆਂ ਆਪ ਦੀ 1000 ਵਾਲੀ ਗਾਰੰਟੀ ਦਾ ਬਦਲਾ ਲੈਣ ਲਈ ਉਤਾਵਲੀਆਂ ਹਨ।
ਇਸ ਮੌਕੇ ਬੋਲਦਿਆਂ ਅਕਾਲੀ ਆਗੂ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਰਾਜਸੀ ਪਾਰਟੀਆਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਖਾਤਰ ਗਰੀਬਾਂ ਨੂੰ ਸੰਵਿਧਾਨਕ ਅਧਿਕਾਰ ਦੇਣ ਦੀ ਬਜਾਏ ਉਨ੍ਹਾਂ ਦੇ ਮੁਹੱਲਿਆਂ ਵਿੱਚ ਧੜਾ-ਧੜ ਨਸ਼ੇ ਦੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ। ਸ਼੍ਰੀ ਪੁਰਖਾਲਵੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ। ਇਸ ਦੌਰਾਨ ਹਾਜਰ ਲੋਕਾਂ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਇਕਰਾਰ ਵੀ ਕੀਤਾ।
ਠਾਠਾਂ ਮਾਰਦੇ ਇਸ ਇਕੱਠ ਦੌਰਾਨ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ, ਚੇਅਰਮੈਨ ਜਸਵੀਰ ਸਿੰਘ ਜੱਸਾ, ਨੰਬਰਦਾਰ ਕਰਮਜੀਤ ਸਿੰਘ ਮੌਲੀ, ਪ੍ਰੀਤ ਰਾਠੌਰ, ਸੋਹਣ ਸਿੰਘ, ਮੁਖਤਿਆਰ ਸਿੰਘ ਅਤੇ ਬਬੀਤਾ ਆਦਿ ਆਗੂ ਵੀ ਹਾਜਰ ਸਨ।