ਰਾਮ ਰਹੀਮ ਨੂੰ ਕਤਲ ਮਾਮਲੇ ‘ਚ ਬਰੀ ਕਰਨਾ ਅਸੰਤੁਸ਼ਟੀਜਨਕ ਫੈਸਲਾ: ਐਡਵੋਕੇਟ ਧਾਮੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 29 ਮਈ ,ਬੋਲੇ ਪੰਜਾਬ ਬਿਓਰੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੇ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕੀਤੇ ਜਾਣ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਆਚਰਣਹੀਣ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੇ ਇਸ ਵਿਅਕਤੀ ਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲਣੀ ਚਾਹੀਦੀ। ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਾਹੀਮ ’ਤੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਪੂਰੀ ਤਰ੍ਹਾਂ ਮਿਹਰਬਾਨ ਹੈ ਅਤੇ ਹੁਣ ਰਣਜੀਤ ਸਿੰਘ ਕਤਲ ਕੇਸ ਵਿੱਚ ਆਇਆ ਫੈਸਲਾ ਵੀ ਅਸੰਤੁਸ਼ਟੀਜਨਕ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਰਾਮ ਰਹੀਮ ਕਈ ਸੰਗੀਨ ਅਪਰਾਧਾਂ ਤਹਿਤ ਸਜ਼ਾ ਕੱਟ ਰਿਹਾ ਹੈ ਅਤੇ ਸੀਬੀਆਈ ਦਾ ਇਹ ਫਰਜ਼ ਹੈ ਕਿ ਉਹ ਰਣਜੀਤ ਸਿੰਘ ਕਤਲ ਕੇਸ ਦੀ ਅੱਗੇ ਠੋਸ ਪੈਰਵਾਈ ਯਕੀਨੀ ਬਣਾਵੇ ਤਾਂ ਜੋ ਜਾਂਚ ਪ੍ਰਣਾਲੀ ਤੋਂ ਲੋਕਾਂ ਦਾ ਭਰੋਸਾ ਨਾ ਟੁੱਟੇ। ਐਡਵੋਕੇਟ ਧਾਮੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪ੍ਰਤੀਨਿੱਧ ਸੰਸਥਾ ਹੁੰਦਿਆਂ ਇੱਕ ਪੰਥ-ਦੋਖੀ ਵਿਅਕਤੀ ਰਾਮ ਰਹੀਮ ਵਿਰੁੱਧ ਰਣਜੀਤ ਸਿੰਘ ਕਤਲ ਮਾਮਲੇ ਵਿੱਚ ਉਸ ਦੇ ਪਰਿਵਾਰ ਦੀ ਸੰਭਵ ਮਦਦ ਲਈ ਵੀ ਤਿਆਰ ਹੈ।

Leave a Reply

Your email address will not be published. Required fields are marked *