ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਮੋਹਾਲੀ ‘ਚ ਕਨਵੈਨਸ਼ਨ ਕਰਕੇ ਕੱਢਿਆ ਗਿਆ ਚੇਤਨਾ ਮਾਰਚ

ਪੰਜਾਬ

ਮੰਗਾਂ ਨਾ ਮੰਨਣ ਕਾਰਨ ਮੁਲਾਜ਼ਮ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ

ਮੋਹਾਲੀ 29 ਮਈ,ਬੋਲੇ ਪੰਜਾਬ ਬਿਓਰੋ :

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਮੋਹਾਲੀ ਵੱਲੋਂ 5 ਮਈ ਦੀ ਸੂਬਾ ਕੰਨਵੈਨਸ਼ਨ ਦੇ ਫੈਸਲੇ ਦੇ ਤਹਿਤ ਅੱਜ ਮੋਹਾਲੀ ਸ਼ਹਿਰ ਅੰਦਰ ਕੰਨਵੈਨਸ਼ਨ ਕਰਕੇ ਵੱਖ ਵੱਖ ਬਜ਼ਾਰਾਂ ਵਿੱਚ ਚੇਤਨਾ ਮਾਰਚ ਕੱਢਿਆ ਗਿਆ।ਕੇਂਦਰ ਸਰਕਾਰ ਦੇ ਮੁਲਾਜ਼ਮ, ਪੈਨਸ਼ਨਰ ਤੇ ਕਿਰਤੀ ਵਿਰੋਧੀ ਨੀਤੀਆਂ ਦੇ ਕਾਰਨ ਅੱਜ ਸਰਕਾਰੀ ਵਿਭਾਗਾਂ ਦੀ ਅਕਾਰ ਘਟਾਈ ਕੀਤੀ ਜਾ ਰਹੀ ਹੈ। ਬੇਰੁਜ਼ਗਾਰੀ ਸਭ ਹੱਦਾਂ ਬੰਨ੍ਹੇ ਟੱਪ ਚੁੱਕੀ ਹੈ। ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਖੇਤਰ ਦਾ ਉਜਾੜਾ ਕੀਤਾ ਜਾ ਰਿਹਾ ਹੈ। ਬਿਜਲੀ ਬਿੱਲ 2020 ਦੇ ਨਾਲ ਬਿਜਲੀ ਸੈਕਟਰ ਨੂੰ ਖਾਤਮੇ ਵੱਲ ਨੂੰ ਤੋਰਿਆ ਜਾ ਰਿਹਾ ਹੈ। ਨਿੱਜੀਕਰਨ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।ਕੇਂਦਰ ਸਰਕਾਰ ਹੀ ਨਹੀਂ, ਪੰਜਾਬ ਦੀ ਸਰਕਾਰ ਵੱਲੋਂ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਘੱਟ ਨਹੀਂ ਗੁਜਾਰੀ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇੱਕ ਗਿਣਤੀ ਮਿਣਤੀ ਦੇ ਤਹਿਤ ਹਾਸ਼ੀਏ ਤੇ ਧੱਕਿਆ ਜਾ ਰਿਹਾ ਹੈ।ਐਡਹਾਕ ਦੇ ਮੁਲਾਜ਼ਮਾਂ ਨੂੰ ਰੈਗੂਲਰ ਤਨਖਾਹ ਸਕੇਲਾਂ ਤੇ ਲਿਆ ਕੇ ਪੱਕੇ ਤੌਰ ਤੋਂ ਕੱਚੇ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਨੋਟੀਫਿਕੇਸ਼ਨ ਨਾ ਕਰਕੇ ਉਸ ਦੇ ਅਧਾਰ ਤੇ ਗੁਆਂਢੀ ਰਾਜਾਂ ਵਿੱਚ ਚੋਣ ਪ੍ਰਚਾਰ ਸਮੇਂ ਉਸ ਨੂੰ ਰਾਜਨੀਤਕ ਹਿੱਤਾਂ ਲਈ ਵਰਤਿਆ ਗਿਆ। ਜਦ ਕਿ ਮੁਲਾਜ਼ਮਾਂ ਦਾ ਮਸਲਾ ਉਸੇ ਤਰ੍ਹਾਂ ਅਣਗੌਲਿਆ ਹੀ ਛੱਡ ਦਿੱਤਾ ਗਿਆ।ਪੈਨਸ਼ਨਰਾਂ ਤੇ ਛੇਵੇਂ ਪੇ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ 2.59 ਦਾ ਗੁਣਾਂਕ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸੇ ਤਰ੍ਹਾਂ 225 ਮਹੀਨਿਆਂ ਦੇ ਡੀਏ ਦੇ ਬਕਾਏ ਬਾਰੇ ਕੋਈ ਗੱਲ ਨਹੀਂ ਕੀਤੀ ਗਈ। 1-1-2016 ਤੋਂ ਲਾਗੂ ਹੋਏ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮੁਲਾਜ਼ਮਾਂ ਦੇ ਕਰੋੜਾਂ ਰੁਪਏ ਤਨਖਾਹ ਬਕਾਇਆ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ। ਨਵ ਨਿਯੁਕਤ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਇੱਕ ਅੜਬ ਵਤੀਰਾ ਵਰਤਦੇ ਹੋਏ ਕੇਂਦਰ ਦੇ ਸਕੇਲਾਂ ਨਾਲ ਨੂੜਿਆ ਜਾ ਰਿਹਾ ਹੈ। ਮੁਲਾਜ਼ਮਾਂ ਦਾ 200 ਰੁਪਏ ਜਜੀਆ ਟੈਕਸ ਕੱਟਣਾ ਅਜੇ ਤੱਕ ਬੰਦ ਨਹੀਂ ਕੀਤਾ ਗਿਆ।ਇਸ ਸਬੰਧੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਿਖਤੀ ਰੂਪ ਵਿੱਚ ਮੀਟਿੰਗਾਂ ਦਾ ਸੱਦਾ ਦੇ ਕੇ ਵੀ ਮੀਟਿੰਗਾਂ ਨਹੀਂ ਕੀਤੀਆਂ ਗਈਆਂ। ਜਿਸ ਕਾਰਨ ਮੁਲਾਜ਼ਮ/ਪੈਨਸ਼ਨਰ ਮੰਗਾਂ ਦਾ ਹੱਲ ਨਹੀਂ ਹੋ ਸਕਿਆ।ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਅੱਜ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਇੱਕ ਚੇਤਨਾ ਮਾਰਚ ਮੋਹਾਲੀ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਕੱਢਿਆ ਗਿਆ।ਇਸ ਚੇਤਨਾ ਮਾਰਚ ਦੇ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਉਤਸ਼ਾਹ ਸੀ।ਇਸ ਚੇਤਨਾ ਮਾਰਚ ਨੂੰ ਸੂਬਾ ਕਨਵੀਨਰ ਕਰਮ ਸਿੰਘ ਧਨੋਆ, ਸੁਖਦੇਵ ਸੈਣੀ ਐਨ ਡੀ ਤਿਵਾੜੀ, ਗੁਰਵਿੰਦਰ ਸਿੰਘ, ਜਗਦੀਸ ਸਿੰਘ ਸਰਾਓ, ਮਨਦੀਪ, ਅਜਮੇਰ ਸਿੰਘ ਲੌਗੀਆ, ਅਵਤਾਰ ਸਿੰਘ ਹਸਨਪੁਰ, ਨਰੇਸ਼ ਬਿਟੂ, ਗੁਰਮੀਤ ਸਿੰਘ ਖ਼ਾਲਸਾ, ਚਰਨਜੀਤ ਸਿੰਘ ਸਿੱਧੂ, ਰਵਿੰਦਰ ਪੱਪੀ, ਬਾਬੂ ਸਿੰਘ ਪੰਮੋਰ, ਦਰਸ਼ਨ ਸਿੰਘ, ਕਮਲ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ /ਪੈਨਸ਼ਨਰ ਹਾਜ਼ਰ ਸਨ।

Leave a Reply

Your email address will not be published. Required fields are marked *