ਅਖੌਤੀ ਇਨਕਲਾਬੀਆਂ ਨੇ ਪੰਜਾਬ ਨੂੰ 10 ਸਾਲ ਪਿੱਛੇ ਧੱਕਿਆ-ਪੁਰਖਾਲਵੀ
ਲਾਲੜੂ 28 ਮਈ,ਬੋਲੇ ਪੰਜਾਬ ਬਿਓਰੋ:
“ਅਖੌਤੀ ਇਨਕਲਾਬੀਆਂ ਨੇ ਪੰਜਾਬ ਨੂੰ 10 ਸਾਲ ਪਿੱਛੇ ਧੱਕ ਦਿੱਤਾ ਹੈ, ਜਿਸ ਕਾਰਨ ਰਾਜ ਦਾ ਹਰ ਵਰਗ ਅੱਜ ਹਕੂਮਤ ਦੇ ਧਾੜਵੀ ਅਤੇ ਸ਼ਰਮਨਾਕ ਕਾਰਨਾਮਿਆਂ ਤੋਂ ਬੇਹੱਦ ਪ੍ਰੇਸ਼ਾਨ ਹੈ, ‘ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਸ਼ਮਸ਼ੇਰ ਪੁਰਖਾਲਵੀ ਨੇ ਸਥਾਨਕ ਵਾਰਡ ਨੰਬਰ 4 ਦੇ ਹਰਦੇਵ ਨਗਰ ਵਿੱਚ ਲੋਕਾਂ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਕਾਲ਼ੇ ਕਾਰਨਾਮਿਆਂ ਤੇ ਪਰਦਾ ਪਾਈ ਰੱਖਣ ਲਈ ਉਨ੍ਹਾਂ ਨੇ ਵਿਰੋਧੀ ਧਿਰ ਦੀ ਜਿੰਮੇਵਾਰੀ ਨਾਲ ਖਿਲਵਾੜ ਕਰਕੇ ਝਾੜੂ ਨਾਲ ਪੰਜਾਬ ਵਿੱਚ ਲੁਕਵੀਂ ਸਿਆਸੀ ਸਾਂਝ ਪਾ ਲਈ ਹੈ ਜਿਸ ਬਾਰੇ ਲੋਕ ਸੁਚੇਤ ਰਹਿਣ।
ਚੋਣ ਮੀਟਿੰਗ ਵਿੱਚ ਉਚੇਚੇ ਤੌਰ ਪਹੁੰਚੇ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਸ਼੍ਰੀ ਐਨ ਕੇ ਸ਼ਰਮਾ ਦੇ ਛੋਟੇ ਭਰਾ ਧਰਮਿੰਦਰ ਸ਼ਰਮਾ ਨੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਇਸ ਹਲਕੇ ਦੇ ਇੱਕ ਜੰਮਪਲ ਅਤੇ ਆਮ ਵਰਕਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦੇਕੇ ਇਲਾਕੇ ਨੂੰ ਮਾਣ ਬਖਸ਼ਿਆ ਗਿਆ ਹੈ ਜਿਸ ਕਾਰਨ ਲੋਕ, ਝੂਠੇ ਲਾਰੇ ਅਤੇ ਵਾਅਦੇ ਕਰਨ ਵਾਲੀਆਂ ਆਮ ਅਤੇ ਕਾਂਗਰਸ ਪਾਰਟੀਆਂ ਨੂੰ ਸਬਕ ਸਿਖਾਕੇ ਐਨ ਕੇ ਸ਼ਰਮਾ ਨੂੰ ਜਿਤਾਉਣ ਲਈ ਉਤਾਵਲੇ ਹਨ। ਇਸ ਮੌਕੇ ਉਨ੍ਹਾਂ ਹਲਕੇ ਦਾ ਵਿਧਾਇਕ ਅਤੇ ਮੰਤਰੀ ਹੁੰਦਿਆਂ ਇਲਾਕੇ ਵਿੱਚ ਸ਼੍ਰੀ ਸ਼ਰਮਾ ਵੱਲੋਂ ਕੀਤੇ ਗਏ ਤਮਾਮ ਵਿਕਾਸ ਕੰਮਾਂ ਬਾਰੇ ਵੀ ਜਾਣੂ ਕਰਵਾਇਆ। ਪ੍ਰੋਗਰਾਮ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੇ ਹੱਥ ਖੜੇ ਕਰਕੇ ਸ਼੍ਰੀ ਸ਼ਰਮਾ ਨੂੰ ਵੋਟ ਪਾਉਣ ਦਾ ਵਾਅਦਾ ਵੀ ਦਹੁਰਾਇਆ।
ਪ੍ਰੋਗਰਾਮ ਦੌਰਾਨ ਹੋਰਨਾ ਤੋਂ ਇਲਾਵਾ ਸਰਕਲ ਪ੍ਰਧਾਨ ਸ਼ਿਵਦੇਵ ਸਿੰਘ ਕੁਰਲੀ, ਬਹਾਦਰ ਸਿੰਘ ਝਰਮੜੀ, ਸੁਰਜੀਤ ਸਿੰਘ ਟਿਵਾਣਾ, ਗੁਰਵਿੰਦਰ ਸਿੰਘ ਐਮਸੀ ਹਸਨਪੁਰ, ਬਲਜਿੰਦਰ ਸਿੰਘ ਸਾਧਾਂਪੁਰ, ਸੀਸ਼ਪਾਲ ਸਰਪੰਚ ਬਟੌਲੀ, ਬਿਕਰਮ ਸਿੰਘ ਸਰਪੰਚ ਤੇ ਸੁਰਿੰਦਰ ਕੌਰ ਸਰਸੀਣੀ, ਅਕਾਲੀ ਦਲ ਐਸਸੀ ਵਿੰਗ ਦੇ ਜਨਰਲ ਸਕੱਤਰ ਡਾ: ਹਰਪ੍ਰੀਤ ਸਿੰਘ ਲਾਲੜੂ, ਅਸ਼ੋਕ ਕੁਮਾਰ ਰਾਣੀਮਾਜਰਾ ਅਤੇ ਹਰਦਮ ਸਿੰਘ ਜਾਸਤਨਾ ਆਦਿ ਆਗੂ ਹਾਜ਼ਰ ਸਨ।