ਨਵੀਂ ਦਿੱਲੀ, 28 ਮਈ,ਬੋਲੇ ਪੰਜਾਬ ਬਿਓਰੋ: ਦਿੱਲੀ ਤੋਂ ਵਾਰਾਣਸੀ ਲਈ ਉਡਾਣ ਭਰਨ ਲਈ ਤਿਆਰ ਇੰਡੀਗੋ ਦੇ ਜਹਾਜ਼ ਵਿੱਚ ਅੱਜ ਸਵੇਰੇ 5:35 ਵਜੇ ਬੰਬ ਰੱਖੇ ਹੋਣ ਦੀ ਸੂਚਨਾ ਨਾਲ ਹਫ਼ੜਾ-ਦਫ਼ੜੀ ਮਚ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਰਨਵੇਅ ‘ਤੇ ਹੀ ਰੋਕ ਦਿੱਤਾ ਗਿਆ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਪਹਿਲਾਂ ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਨੂੰ ਐਮਰਜੈਂਸੀ ਦਰਵਾਜ਼ੇ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਫਿਰ ਪੂਰੀ ਸੁਰੱਖਿਆ ਜਾਂਚ ਲਈ ਜਹਾਜ਼ ਨੂੰ ਤੁਰੰਤ ਇੱਕ ਆਈਸੋਲੇਸ਼ਨ ਬੇ ‘ਤੇ ਲਿਜਾਇਆ ਗਿਆ। ਇਸ ਦੌਰਾਨ ਸੁਰੱਖਿਆ ਕਰਮੀਆਂ ਦੀ ਟੀਮ ਵੀ ਪਹੁੰਚ ਗਈ। ਹੁਣ ਤੱਕ ਦੀ ਜਾਂਚ ‘ਚ ਜਹਾਜ਼ ਤੋਂ ਕੁਝ ਵੀ ਨਹੀਂ ਮਿਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਦਾ ਜਹਾਜ਼ (6ਈ2211) ਦਿੱਲੀ ਤੋਂ ਵਾਰਾਣਸੀ ਲਈ ਉਡਾਣ ਭਰਨ ਲਈ ਤਿਆਰ ਸੀ ਅਤੇ ਰਨਵੇਅ ‘ਤੇ ਸੀ। ਉਦੋਂ ਹੀ ਸੂਚਨਾ ਮਿਲੀ ਸੀ ਕਿ ਇਸ ਜਹਾਜ਼ ‘ਚ ਬੰਬ ਹੈ। ਇਸ ਕਾਰਨ ਸਾਰੇ ਯਾਤਰੀਆਂ ਨੂੰ ਜਹਾਜ਼ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਹਾਲਾਂਕਿ, ਇੰਡੀਗੋ ਨੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਹ ਯਾਤਰੀਆਂ ਨੂੰ ਦਿੱਲੀ ਤੋਂ ਵਾਰਾਣਸੀ ਕਿਵੇਂ ਲੈ ਕੇ ਜਾਵੇਗੀ। ਦਿੱਲੀ ਫਾਇਰ ਸਰਵਿਸ ਨੂੰ ਇੰਡੀਗੋ ਦੇ ਇਸ ਜਹਾਜ਼ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਵਿੱਚ ਵੀ ਬੰਬ ਹੋਣ ਦੀਆਂ ਧਮਕੀਆਂ ਮਿਲੀਆਂ ਸਨ। ਹੁਣ ਇੰਡੀਗੋ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਮਿਲੀ ਹੈ। ਮੌਕੇ ‘ਤੇ ਮੌਜੂਦ ਬੰਬ ਸਕੁਐਡ ਜਹਾਜ਼ ਦੀ ਜਾਂਚ ਕਰ ਰਿਹਾ ਹੈ। ਜਾਂਚ ‘ਚ ਅਜੇ ਤੱਕ ਕੁਝ ਨਹੀਂ ਮਿਲਿਆ ਹੈ।